ਦਮੱਸ਼ਕ, 21 ਅਕਤੂਬਰ
ਸੀਰੀਆ ਦੀ ਰਾਜਧਾਨੀ ਦਮਸ਼ਕ ਵਿੱਚ ਅੱਜ ਸਵੇਰੇ ਫੌਜੀਆਂ ਨੂੰ ਲਿਜਾ ਰਹੀ ਬੱਸ ਵਿੱਚ ਦੋ ਬੰਬ ਧਮਾਕੇ ਹੋਣ ਕਾਰਨ 14 ਜਣਿਆਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਫ਼ੌਜ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਰਾਜਧਾਨੀ ਦਮੱਸ਼ਕ ਵਿੱਚ ਪਿਛਲੇ ਕੁੱਝ ਸਾਲਾਂ ਵਿੱਚ ਹੋਇਆ ਇਹ ਸਭ ਤੋਂ ਭਿਆਨਕ ਹਮਲਾ ਹੈ।
ਇਸੇ ਦੌਰਾਨ, ਇੱਕ ਹੋਰ ਘਟਨਾ ਸਬੰਧੀ ਰਾਹਤ ਕਰਮੀਆਂ ਨੇ ਦੱਸਿਆ ਕਿ ਦੇਸ਼ ਦੇ ਇਦਲਿਬ ਸੂਬੇ ਦੇ ਅਰੀਹਾ ਸ਼ਹਿਰ ਵਿਦਰੋਹੀਆਂ ਤੋਂ ਕਬਜ਼ਾ ਛੁਡਾਉਣ ਦੀ ਕਾਰਵਾਈ ਦੌਰਾਨ ਸਰਕਾਰੀ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਬੰਬਾਰੀ ਵਿੱਚ ਚਾਰ ਬੱਚਿਆਂ ਅਤੇ ਇੱਕ ਔਰਤ ਸਮੇਤ ਦਸ ਜਣਿਆਂ ਦੀ ਮੌਤ ਹੋ ਗਈ। ਸੰਯੁਕਤ ਰਾਸ਼ਟਰ ਨੇ ਬੰਬਾਰੀ ਦੀ ਇਸ ਘਟਨਾ ਨੂੰ ਹੈਰਾਨ ਕਰਨਾ ਵਾਲਾ ਕਰਾਰ ਦਿੱਤਾ ਹੈ।
ਸਰਕਾਰੀ ਬਲਾਂ ਦੇ 2018 ਵਿੱਚ ਨੀਮ ਸ਼ਹਿਰਾਂ ’ਤੇ ਕੰਟਰੋਲ ਵਾਪਸ ਲੈਣ ਮਗਰੋਂ ਦਮੱਸ਼ਕ ਵਿੱਚ ਹਾਲ ਦੇ ਸਾਲਾਂ ਵਿੱਚ ਇਸ ਤਰ੍ਹਾਂ ਦੇ ਹਮਲਿਆਂ ਵਿੱਚ ਕਮੀ ਆਈ ਹੈ। ਪਹਿਲਾਂ ਇਹ ਸ਼ਹਿਰ ਵਿਦਰੋਹੀਆਂ ਦੇ ਕਬਜ਼ੇ ਵਿੱਚ ਸੀ। ਸਰਕਾਰੀ ਮੀਡੀਆ ਨੇ ਪਹਿਲਾਂ ਬੰਬ ਸੜਕ ਕੰਢੇ ਲੱਗੇ ਹੋਣ ਦੀ ਜਾਣਕਾਰੀ ਦਿੱਤੀ ਸੀ, ਪਰ ਸੀਰਿਆਈ ਫ਼ੌਜ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬੰਬ ਪਹਿਲਾਂ ਹੀ ਵਾਹਨ ਵਿੱਚ ਲਾ ਦਿੱਤਾ ਗਿਆ ਸੀ। ਦੋ ਬੰਬ ਧਮਾਕੇ ਹੋ ਗਏ, ਜਦਕਿ ਇੱਕ ਹੋਰ ਬੱਸ ਤੋਂ ਡਿੱਗ ਗਿਆ। ਫੌਜ ’ਤੇ ਕੀਤੇ ਹਮਲੇ ਦੀ ਹਾਲੇ ਤੱਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ, ਪਰ ਵਿਦਰੋਹੀ ਅਤੇ ਜਿਹਾਦੀ ਹੁਣ ਵੀ ਦੇਸ਼ ਦੀਆਂ ਸਰਹੱਦਾਂ ਦੇ ਅੰਦਰ ਮੌਜੂਦ ਹਨ ਅਤੇ ਰਾਸ਼ਟਰਪਤੀ ਬਸ਼ਰ ਅਸਦ ਨੂੰ ਸੱਤਾ ਤੋਂ ਬਾਹਰ ਕਰਨ ਦੀ ਲਗਾਤਾਰ ਮੰਗ ਕਰਦੇ ਰਹੇ ਹਨ।