ਨਵੀਂ ਦਿੱਲੀ, 6 ਜੂਨ
ਰੇਲਵੇ ਵੱਲੋਂ ਉੜੀਸਾ ਰੇਲ ਹਾਦਸੇ ਦੀ ਸੀਬੀਆਈ ਜਾਂਚ ਦੀ ਸਿਫ਼ਾਰਿਸ਼ ਕੀਤੇ ਜਾਣ ਦੇ ਇਕ ਦਿਨ ਮਗਰੋਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਜਾਂਚ ਏਜੰਸੀ ਦਾ ਕੰਮ ਰੇਲ ਹਾਦਸਿਆਂ ਦੀ ਨਹੀਂ ਸਗੋਂ ਅਪਰਾਧਾਂ ਦੀ ਜਾਂਚ ਕਰਨਾ ਹੈ। ਉਨ੍ਹਾਂ ਕਿਹਾ ਕਿ ਸੀਬੀਆਈ ਤਕਨੀਕੀ, ਸੰਸਥਾਗਤ ਅਤੇ ਸਿਆਸੀ ਨਾਕਾਮੀਆਂ ਦੀ ਜਵਾਬਦੇਹੀ ਤੈਅ ਨਹੀਂ ਕਰ ਸਕਦੀ ਹੈ। ਖੜਗੇ ਨੇ ਕਿਹਾ ਕਿ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦੇ ਸੁਰੱਖਿਆ ਬਾਰੇ ਸਾਰੇ ਖੋਖਲੇ ਦਾਅਵਿਆਂ ਦਾ ਪਰਦਾਫਾਸ਼ ਹੋ ਗਿਆ ਹੈ ਅਤੇ ਸਰਕਾਰ ਨੂੰ ਹਾਦਸੇ ਦੇ ਅਸਲ ਕਾਰਨ ਸਭ ਦੇ ਸਾਹਮਣੇ ਲਿਆਉਣੇ ਚਾਹੀਦੇ ਹਨ। ਸ੍ਰੀ ਮੋਦੀ ਨੂੰ ਲਿਖੇ ਚਾਰ ਪੰਨਿਆਂ ਦੇ ਪੱਤਰ ’ਚ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਰੇਲਵੇ ਦੀ ਸੁਰੱਖਿਆ ’ਚ ਆ ਰਹੇ ਨਿਘਾਰ ਤੋਂ ਆਮ ਮੁਸਾਫ਼ਰ ਬਹੁਤ ਜ਼ਿਆਦਾ ਫਿਕਰਮੰਦ ਹਨ। ਉਨ੍ਹਾਂ ਦੋਸ਼ ਲਾਇਆ ਕਿ ਬੁਨਿਆਦੀ ਪੱਧਰ ’ਤੇ ਰੇਲਵੇ ਦੀ ਮਜ਼ਬੂਤੀ ’ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ ਖ਼ਬਰਾਂ ’ਚ ਰਹਿਣ ਲਈ ਸਿਰਫ਼ ਉਪਰੋਂ ਉਪਰ ਮੱਲ੍ਹਮ ਲਗਾਈ ਜਾ ਰਹੀ ਹੈ। ਸਰਕਾਰ ’ਤੇ ਰੇਲਵੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤੇ ਜਾਣ ਦੇ ਦੋਸ਼ ਲਾਉਂਦਿਆਂ ਖੜਗੇ ਨੇ ਕਿਹਾ ਕਿ ਲਗਾਤਾਰ ਖਾਮੀਆਂ ਭਰਪੂਰ ਫੈਸਲੇ ਲਏ ਜਾਣ ਕਾਰਨ ਰੇਲ ਰਾਹੀਂ ਸਫ਼ਰ ਕਰਨਾ ਅਸੁਰੱਖਿਅਤ ਹੋ ਗਿਆ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ’ਚ ਕਈ ਗੁਣਾ ਵਾਧਾ ਹੋ ਗਿਆ ਹੈ। ਸਾਬਕਾ ਰੇਲ ਮੰਤਰੀ ਨੇ ਕਿਹਾ,‘‘ਮੁਲਕ ਨੂੰ 2016 ਦਾ ਕਾਨਪੁਰ ਹਾਦਸਾ ਯਾਦ ਹੈ ਜਦੋਂ 150 ਲੋਕ ਮਾਰੇ ਗਏ ਸਨ। ਉਸ ਸਮੇਂ ਦੇ ਰੇਲ ਮੰਤਰੀ ਨੇ ਹਾਦਸੇ ਦੀ ਐੱਨਆਈਏ ਤੋਂ ਜਾਂਚ ਦੀ ਸਿਫ਼ਾਰਿਸ਼ ਕੀਤੀ ਸੀ। ਤੁਸੀਂ (ਮੋਦੀ) ਖੁਦ 2017 ’ਚ ਚੋਣ ਰੈਲੀ ਦੌਰਾਨ ਦਾਅਵਾ ਕੀਤਾ ਸੀ ਕਿ ਇਹ ਹਾਦਸਾ ਸਾਜ਼ਿਸ਼ ਹੈ। ਦੇਸ਼ ਨੂੰ ਦੋਸ਼ੀਆਂ ਖ਼ਿਲਾਫ਼ ਸਖ਼ਤ ਸਜ਼ਾ ਦਾ ਭਰੋਸਾ ਦਿੱਤਾ ਗਿਆ ਸੀ। ਪਰ 2018 ’ਚ ਐੱਨਆਈਏ ਨੇ ਜਾਂਚ ਬੰਦ ਕਰ ਦਿੱਤੀ ਅਤੇ ਚਾਰਜਸ਼ੀਟ ਦਾਖ਼ਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਮੁਲਕ ਦੇ ਲੋਕ ਅਜੇ ਵੀ ਹਨੇਰੇ ’ਚ ਹਨ ਕਿ 150 ਮੌਤਾਂ ਲਈ ਜ਼ਿੰਮੇਵਾਰ ਕੌਣ ਹੈ?’’ ਉਨ੍ਹਾਂ ਕਿਹਾ ਕਿ ਹੁਣ ਦੂਜੀ ਏਜੰਸੀ ਤੋਂ ਇਕ ਹੋਰ ਹਾਦਸੇ ਦੀ ਜਾਂਚ ਕਰਾਉਣ ਦੇ ਬਿਆਨਾਂ ਨੇ ਸਾਰਿਆਂ ਨੂੰ 2016 ਦੀ ਯਾਦ ਕਰਵਾ ਦਿੱਤੀ ਹੈ। ਉਨ੍ਹਾਂ ਕੈਗ ਰਿਪੋਰਟ ’ਚ ਰਾਸ਼ਟਰੀ ਰੇਲ ਸੰਰਕਸ਼ਾ ਕੋਸ਼ ਦੇ ਫੰਡ ’ਚ 79 ਫ਼ੀਸਦ ਦੀ ਕਟੌਤੀ, ਕਵਚ ਪ੍ਰਣਾਲੀ ਸਾਰੇ ਰੂਟਾਂ ’ਤੇ ਨਾ ਲਗਾਉਣ ਅਤੇ ਮੁਲਾਜ਼ਮਾਂ ਦੀ ਘਾਟ ਜਿਹੇ ਮੁੱਦੇ ਵੀ ਉਭਾਰੇ ਹਨ।