ਨਵੀਂ ਦਿੱਲੀ, 14 ਦਸੰਬਰ
ਸੰਸਦ ਨੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਡਾਇਰੈਕਟਰ ਦਾ ਕਾਰਜਕਾਲ ਮੌਜੂਦਾ ਦੋ ਸਾਲਾਂ ਤੋਂ ਵੱਧ ਤੋਂ ਵੱਧ ਪੰਜ ਸਾਲ ਕਰਨ ਲਈ ਬਿੱਲ ਪਾਸ ਕੀਤਾ ਹੈ।
ਪਰਸੋਨਲ ਰਾਜ ਮੰਤਰੀ ਜਤਿੰਦਰ ਸਿੰਘ ਨੇ 12 ਮੈਂਬਰਾਂ ਦੀ ਮੁਅੱਤਲੀ ‘ਤੇ ਵਿਰੋਧੀ ਧਿਰ ਦੇ ਵਾਕਆਊਟ ਦੌਰਾਨ ‘ਦਿ ਦਿੱਲੀ ਵਿਸ਼ੇਸ਼ ਪੁਲੀਸ ਸਥਾਪਨਾ (ਸੋਧ) ਬਿੱਲ, 2021’ ਨੂੰ ਰਾਜ ਸਭਾ ਵਿੱਚ ਪੇਸ਼ ਕੀਤਾ। ਇਸ ਬਿੱਲ ਨੂੰ ਬਾਅਦ ਵਿੱਚ ਉੱਚ ਸਦਨ ਵਿੱਚ ਜ਼ਬਾਨੀ ਵੋਟ ਨਾਲ ਪਾਸ ਕਰ ਦਿੱਤਾ ਗਿਆ। ਲੋਕ ਸਭਾ ਪਹਿਲਾਂ ਹੀ 3 ਦਸੰਬਰ, 2021 ਨੂੰ ਬਿੱਲ ਨੂੰ ਮਨਜ਼ੂਰੀ ਦੇ ਚੁੱਕੀ ਹੈ। ਇਸ ਦੌਰਾਨ ਸੰਸਦ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਮੁਖੀ ਦੇ ਅਹੁਦੇ ਦੀ ਮਿਆਦ ਪੰਜ ਸਾਲ ਤੱਕ ਵਧਉਣ ਸਬੰਧੀ ਕੇਂਦਰੀ ਵਿਜੀਲੈਂਸ ਕਮਿਸ਼ਨ (ਸੋਧ) ਬਿੱਲ, 2021 ਨੂੰ ਪਾਸ ਕਰ ਦਿੱਤਾ। ਲੋਕ ਸਭਾ ਨੇ 9 ਦਸੰਬਰ ਨੂੰ ਪਾਸ ਕਰ ਦਿੱਤਾ ਸੀ ਤੇ ਰਾਜ ਸਭਾ ਵਿੱਚ ਇਹ ਅੱਜ ਪਾਸ ਹੋਇਆ।