ਨਵੀਂ ਦਿੱਲੀ, 19 ਜੂਨ
ਸੀਨੀਅਰ ਆਈਪੀਐੱਸ ਅਧਿਕਾਰੀ ਰਵੀ ਸਿਨਹਾ ਨੂੰ ਅੱਜ ਭਾਰਤ ਦੀ ਖੁਫੀਆ ਏਜੰਸੀ ਰਿਸਰਚ ਐਂਡ ਅਨੈਲੇਸਿਸ ਵਿੰਗ (ਰਾਅ) ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ। ਸਿਨਹਾ ਨੇ ਸਾਮੰਤ ਕੁਮਾਰ ਗੋਇਲ ਦੀ ਜਗ੍ਹਾ ਲਈ ਹੈ, ਜਿਨ੍ਹਾਂ ਦਾ ਰਾਅ ਮੁਖੀ ਵਜੋਂ ਚਾਰ ਸਾਲਾਂ ਦਾ ਕਾਰਜਕਾਲ 30 ਜੂਨ 2023 ਨੂੰ ਪੂਰਾ ਹੋ ਰਿਹਾ ਹੈ। ਪਰਸੋਨਲ ਮੰਤਰਾਲੇ ਵੱਲੋਂ ਜਾਰੀ ਇਕ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਸਿਨਹਾ ਦੀ ਦੋ ਸਾਲਾਂ ਲਈ ਰਾਅ ਦੇ ਸਕੱਤਰ ਵਜੋਂ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਿਨਹਾ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਇਸ ਵੱਕਾਰੀ ਖੁਫੀਆ ਏਜੰਸੀ ਨਾਲ ਜੁੜੇ ਰਹੇ ਹਨ। ਉਹ ਇਸ ਵੇਲੇ ਰਾਅ ਵਿੱਚ ਦੂਜੇ ਨੰਬਰ ਦੇ ਅਧਿਕਾਰੀ ਹਨ। ਤਰੱਕੀ ਤੋਂ ਪਹਿਲਾਂ ਉਹ ਰਾਅ ਦੇ ਆਪ੍ਰੇਸ਼ਨ ਵਿੰਗ ਦਾ ਕੰਮਕਾਜ ਦੇਖ ਰਹੇ ਸਨ। ਗੁਆਂਢੀ ਮੁਲਕਾਂ ਦੇ ਮਾਮਲਿਆਂ ਦੇ ਮਾਹਿਰ ਮੰਨੇ ਜਾਣ ਵਾਲੇ ਸਿਨਹਾ ਨੇ ਕਈ ਦੇਸ਼ਾਂ ਵਿੱਚ ਵੱਡੇ ਪੱਧਰ ’ਤੇ ਕੰਮ ਕੀਤਾ ਹੈ। ਸਿਨਹਾ ਜੰਮੂ ਕਸ਼ਮੀਰ, ਉੱਤਰ-ਪੂਰਬ ਅਤੇ ਕਈ ਵਿਦੇਸ਼ੀ ਮੁਲਕਾਂ ਵਿੱਚ ਕੰਮ ਕਰ ਚੁੱਕੇ ਹਨ।

ਮੌਜੂਦਾ ਮੁਖੀ ਗੋਇਲ ਨੂੰ ਜੂਨ 2019 ਵਿੱਚ ਰਾਅ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ। ਉਸ ਤੋਂ ਬਾਅਦ ਉਨ੍ਹਾਂ ਨੂੰ 2021 ਤੇ ਜੂਨ 2022 ਵਿੱਚ ਸੇਵਾ ’ਚ ਇਕ-ਇਕ ਸਾਲ ਦਾ ਵਾਧਾ ਦਿੱਤਾ ਗਿਆ ਸੀ। ਮੰਨਿਆ ਜਾਂਦਾ ਹੈ ਕਿ ਜੰਮੂ ਕਸ਼ਮੀਰ ਨਾਲ ਸਬੰਧਤ ਮਾਮਲਿਆਂ ਦੇ ਮਾਹਿਰ ਗੋਇਲ ਨੇ ਪਾਕਿਸਤਾਨ ਦੇ ਬਾਲਾਕੋਟ ਵਿੱਚ ਫਰਵਰੀ 2019 ਦੇ ਸਰਜੀਕਲ ਸਟ੍ਰਾਈਕ ਦੀ ਯੋਜਨਾ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਸਰਜੀਕਲ ਸਟ੍ਰਾਈਕ ਪੁਲਵਾਮਾ ਅਤਿਵਾਦੀ ਹਮਲੇ ਦਾ ਬਦਲਾ ਲੈਣ ਲਈ ਕੀਤਾ ਗਿਆ ਸੀ। ਪੁਲਵਾਮਾ ਹਮਲੇ ਵਿੱਚ ਕੇਂਦਰੀ ਰਿਜ਼ਰਵ ਪੁਲੀਸ ਫੋਰਸ (ਸੀਆਰਪੀਐਫ) ਦੇ 40 ਜਵਾਨ ਸ਼ਹੀਦ ਹੋ ਗਏ ਸਨ। ਇਹ ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਦਾ ਇਕ ਫਿਦਾਈਨ ਹਮਲਾ ਸੀ। ਹਮਲੇ ਦੇ ਜਵਾਬ ਵਿੱਚ, ਭਾਰਤੀ ਹਵਾਈ ਸੈਨਾ ਨੇ 26 ਫਰਵਰੀ 2019 ਨੂੰ ਬਾਲਾਕੋਟ ਵਿੱਚ ਜੈਸ਼ ਦੇ ਅਤਿਵਾਦੀ ਸਿਖਲਾਈ ਕੈਂਪ ’ਤੇ ਹਮਲਾ ਕੀਤਾ ਸੀ।