ਵਾਸ਼ਿੰਗਟਨ, 13 ਅਪਰੈਲ

ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਤੇ ਆਈਐਮਐਫ ਦੀ ਚੋਟੀ ਦੀ ਅਧਿਕਾਰੀ ਗੀਤਾ ਗੋਪੀਨਾਥ ਵਿਚਾਲੇ ਅੱਜ ਇੱਥੇ ਮੁਲਾਕਾਤ ਹੋਈ ਤੇ ਦੋਵਾਂ ਨੇ ਇਸ ਮੌਕੇ ਕਈ ਮੁੱਦਿਆਂ ਉਤੇ ਚਰਚਾ ਕੀਤੀ। ਉਨ੍ਹਾਂ ਕਰਜ਼ਿਆਂ ਸਬੰਧੀ ਜੋਖ਼ਮਾਂ ਤੇ ਕ੍ਰਿਪਟੋ ਦੀਆਂ ਚੁਣੌਤੀਆਂ ਬਾਰੇ ਵੀ ਚਰਚਾ ਕੀਤੀ। ਸੀਤਾਰਾਮਨ ਇਕ ਉੱਚ ਪੱਧਰੀ ਵਫ਼ਦ ਨਾਲ ਆਈਐਮਐਫ ਦੀ ਬੈਠਕ ਵਿਚ ਹਿੱਸਾ ਲੈਣ ਇੱਥੇ ਆਏ ਹਨ। ਉਹ ਵਾਸ਼ਿੰਗਟਨ ਵਿਚ ਹੀ ਵਿਸ਼ਵ ਬੈਂਕ ਦੀ ਇਕ ਮੀਟਿੰਗ ਵਿਚ ਹੀ ਹਿੱਸਾ ਲੈਣਗੇ। ਮੀਟਿੰਗ ਦੌਰਾਨ ਵਿੱਤ ਮੰਤਰੀ ਨੇ ਆਈਐਮਐਫ ਦੀਆਂ ਵਿੱਤੀ ਸੈਕਟਰ ’ਤੇ ਬਣੇ ਦਬਾਅ, ਰੀਅਲ ਅਸਟੇਟ ਦੇ ਵੱਧ ਰਹੇ ਭਾਅ, ਵੱਧ ਰਹੇ ਕਰਜ਼ੇ, ਮਹਿੰਗਾਈ, ਭੂ-ਸਿਆਸੀ ਹਲਚਲ ਤੇ ਚੀਨ ਵਿਚ ਡਗਮਗਾ ਰਹੀਂ ਵਿਕਾਸ ਦਰ ਬਾਰੇ ਚਿੰਤਾਵਾਂ ਉਤੇ ਧਿਆਨ ਦਿੱਤਾ। ਸੀਤਾਰਾਮਨ ਨੇ ਭਾਰਤ ਦੀ ਜੀ20 ਪ੍ਰਧਾਨਗੀ ਨੂੰ ਆਈਐਮਐਫ ਵੱਲੋਂ ਮਿਲੇ ਸਮਰਥਨ ਲਈ ਮੁਦਰਾ ਫੰਡ ਦਾ ਧੰਨਵਾਦ ਕੀਤਾ। ਇਸ ਮੌਕੇ ਗੋਪੀਨਾਥ ਤੇ ਸੀਤਾਰਾਮਨ ਵਿਚਾਲੇ ਆਲਮੀ ਪੱਧਰ ’ਤੇ ਕਰਿਪਟੋ ਬਾਰੇ ਨੀਤੀ ਘੜਨ ਸਬੰਧੀ ਵੀ ਗੱਲਬਾਤ ਹੋਈ। ਦੋਵਾਂ ਨੇ ਟਵੀਟ ਕਰ ਕੇ ਇਕ-ਦੂਜੇ ਨਾਲ ਹੋਈ ਗੱਲਬਾਤ ਦੇ ਵੇਰਵੇ ਵੀ ਸਾਂਝੇ ਕੀਤੇ।