ਚੰਡੀਗੜ੍ਹ, ਭਾਰਤੀ ਉਦਯੋਗ ਸੰਘ (ਸੀਆਈਆਈ) ਨੇ ਉੱਤਰ ਭਾਰਤ ’ਚ ਪਰਾਲੀ ਸਾੜਨ ਕਾਰਨ ਹੋਣ ਵਾਲਾ ਪ੍ਰਦੂਸ਼ਣ ਘਟਾਉਣ ਲਈ ਪੰਜਾਬ ਤੇ ਹਰਿਆਣਾ ਦੇ 100 ਪਿੰਡਾਂ ’ਚ ਇੱਕ ਲੱਖ ਏਕੜ ਖੇਤ ਗੋਦ ਲਏ ਹਨ। ਸੀਆਈ ਨੇ ਐਤਵਾਰ ਨੂੰ ਦੱਸਿਆ ਕਿ ਪੰਜਾਬ ਵਿੱਚ ਲੁਧਿਆਣਾ, ਬਰਨਾਲਾ ਅਤੇ ਪਟਿਆਲਾ ਜ਼ਿਲ੍ਹਿਆਂ ਜਦਕਿ ਹਰਿਆਣਾ ਵਿੱਚ ਰੋਹਤਕ, ਸਿਰਸਾ ਅਤੇ ਫਤਿਹਾਬਾਦ ਜ਼ਿਲ੍ਹੇ ਗੋਦ ਲਏ ਗਏ ਹਨ ਅਤੇ ਉਸਦਾ ਟੀਚਾ ਦਾ ਇਨ੍ਹਾਂ ਜ਼ਿਲ੍ਹਿਆਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਖਤਮ ਕਰਨਾ ਹੈ।
ਸੰਘ ਵੱਲੋਂ ਦੱਸਿਆ ਗਿਆ ਕਿ ਪਰਾਲੀ ਸਾੜਨ ਦੀ ਸਮੱਸਿਆ ਦੇ ਹੱਲ ਲਈ ਸੰਭਵ ਤਰੀਕੇ ਲਾਗੂ ਕਰਨ ਲਈ ਯੋਜਨਾ ਤਿਆਰ ਕੀਤੀ ਗਈ ਹੈ। ਇਸ ਤਹਿਤ ਮਾਹਿਰਾਂ, ਕਾਰਪੋਰੇਟ, ਸੂਬਾ ਸਰਕਾਰਾਂ, ਦਿਹਾਤੀ ਭਾਈਚਾਰਿਆਂ ਅਤੇ ਖੇਤੀਬਾੜੀ ਸਮੂਹਾਂ ਸਣੇ ਵੱਖ-ਵੱਖ ਸਬੰਧਤ ਧਿਰਾਂ ਨੂੰ ਇੱਕ ਪਲੇਟਫਾਰਮ ’ਤੇ ਲਿਆਂਦਾ ਜਾਵੇਗਾ। ਉਦਯੋਗ ਮੰਡਲ ਨੇ ਕਿਹਾ ਕਿ ਉਹ 15 ਹਜ਼ਾਰ ਤੋਂ ਵੱਧ ਕਿਸਾਨਾਂ ਨੂੰ ਖੇਤੀ ਸੰਦ ਤੇ ਤਕਨੀਕੀ ਸਿੱਖਿਆ ਮੁਹੱਈਆ ਕਰਵਾ ਰਿਹਾ ਹੈ ਤੇ ਪੰਜਾਬ ਅਤੇ ਹਰਿਆਣਾ ਦੇ ਗੋਦ ਲਏ ਪਿੰਡਾਂ ’ਚ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਵਿੱਚ ਉਸ ਨਾਲ ਪੰਜਾਬ ਦੇ ਤਿੰਨ ਹਜ਼ਾਰ ਤੋਂ ਵੱਧ ਵਿਦਿਆਰਥੀ, ਨੌਜਵਾਨ ਅਤੇ ਕਾਰਪੋਰੇਟ ਸਵੈਸੇਵੀ ਜੁੜ ਰਹੇ ਹਨ। ਇਸ ਵਿੱਚ ਕਈ ਕਿਸਾਨਾਂ ਨੇ ਪਹਿਲੀ ਵਾਰ ਪਰਾਲੀ ਸਾੜਨ ਦੀ ਬਦਲਵੀਂ ਤਕਨੀਕ ਨੂੰ ਅਪਣਾਇਆ ਹੈ।
ਸੀਆਈਆਈ ਦੇ ਡਾਇਰੈਕਟਰ ਜਨਰਲ ਚੰਦਰਜੀਤ ਬੈਨਰਜੀ ਨੇ ਕਿਹਾ, ਸੀਆਈਆਈ ਦੀ ‘‘ਸਵੱਛ ਹਵਾ, ਬੇਹਤਰ ਜੀਵਨ’’ ਮੁਹਿੰਮ ਪਰਾਲੀ ਸਾੜਨ ਦੀ ਘਟਨਾਵਾਂ ਨੂੰ ਖਤਮ ਕਰਨ ’ਚ ਕਿਸਾਨਾਂ ਦੀ ਮਦਦ ਕਰਨ ਲਈ ਹਰ ਸੰਭਵ ਹੱਲ ਤੇ ਤਕਨੀਕ ਲਾਗੂ ਕਰ ਰਹੀ ਹੈ। ਪਿਛਲੇ ਸਾਲ ਅਸੀਂ 19 ਪਿੰਡਾਂ ’ਚ ਪ੍ਰਯੋਗੀ ਤੌਰ ’ਤੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਜਿਸ ਨੂੰ ਹੁਣ 100 ਪਿੰਡਾਂ ਤੱਕ ਵਧਾਇਆ ਗਿਆ ਹੈ।’’ ਵਰਨਣਯੋਗ ਹੈ ਿਕ ਹਰ ਸਾਲ ਪਰਾਲੀ ਨੂੰ ਸਾੜਨ ਖ਼ਿਲਾਫ਼ ਕਈ ਕਦਮ ਚੁੱਕਣ ਦੇ ਬਾਵਜੂਦ ਇਹ ਰੁਝਾਨ ਜਾਰੀ ਹੈ।