ਮਾਨਸਾ, 29 ਮਈ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਅੱਜ ਪਹਿਲੀ ਬਰਸੀ ਮੌਕੇ ਮਾਤਾ ਚਰਨ ਕੌਰ ਵਾਰ ਵਾਰ ਪੁੱਤ ਨੂੰ ਯਾਦ ਕਰਦਿਆਂ ਉਸ ਦੇ ਪ੍ਰਸ਼ੰਸਕਾਂ ਨੂੰ ਮਿਲੇ।। ਪੰਜਾਬੀ ਗਾਇਕ ਦਾ ਪਿਤਾ ਬਲਕੌਰ ਸਿੰਘ ਸਿੱਧੂ ਵਿਦੇਸ਼ ਵਿਚ ਬਰਸੀ ਸਮਾਗਮਾਂ ਲਈ ਪਹਿਲਾਂ ਹੀ ਵਿਦੇਸ਼ ’ਚ ਹਨ। ਬਰਸੀ ਮੌਕੇ ਮੂਸੇਵਾਲਾ ਦੇ ਤਾਏ ਚਮਕੌਰ ਸਿੰਘ ਸਿੱਧੂ ਅਤੇ ਹਮਦਰਦਾਂ ਵਲੋਂ ਪ੍ਰਬੰਧ ਕੀਤੇ ਗਏ ਹਨ। ਮਾਤਾ ਚਰਨ ਕੌਰ ਨੇ ਅੱਜ ਸਭ ਤੋਂ ਪਹਿਲਾਂ ਮਰਹੂਮ ਪੰਜਾਬੀ ਗਾਇਕ ਦੀ ਯਾਦਗਾਰ ਉਤੇ ਲੱਗੇ ਉਸ ਦੇ ਬੁੱਤ ਨੂੰ ਇਸ਼ਨਾਨ ਕਰਵਾਇਆ ਗਿਆ। ਜਿਉਂ ਹੀ ਮਾਂ ਵਲੋਂ ਪੁੱਤਰ ਦੇ ਬੁੱਤ ਉਤੇ ਪਾਣੀ ਪਾਉਣਾ ਸ਼ੁਰੂ ਕੀਤਾ ਤਾਂ ਉਸ ਦੀਆਂ ਭੁੱਬਾਂ ਨਿਕਲ ਗਈਆਂ।
ਮਾਤਾ ਨੇ ਸਰਕਾਰ ‘ਤੇ ਗ਼ਿਲਾ ਕਰਦਿਆਂ ਕਿਹਾ ਹਕੂਮਤ ਵਲੋਂ ਪੁੱਤ ਦੇ ਕਤਲ ਦਾ ਆਸ ਅਨੁਸਾਰ ਇਨਸਾਫ਼ ਨਹੀਂ ਦਿੱਤਾ ਗਿਆ ਹੈ। ਜਿਹੜੇ ਛੇ ਜਣਿਆਂ ਨੇ ਪਿੰਡ ਜਵਾਹਰਕੇ ਵਿਖੇ 29 ਮਈ ਨੂੰ ਗੋਲੀਆਂ ਮਾਰਕੇ ਮੂਸੇਵਾਲਾ ਦਾ ਕਤਲ ਕੀਤਾ ਹੈ, ਉਹ ਤਾਂ ਭਾੜੇ ਦੇ ਟੱਟੂ ਹਨ, ਜਦੋਂ ਕਿ ਅਸਲ ਦੋਸ਼ੀ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਉਧਰ ਅੱਜ ਸ਼ਾਮ ਨੂੰ ਮਾਨਸਾ ਸ਼ਹਿਰ ਵਿਚ ਗੁਰਦੁਆਰਾ ਚੌਕ ਤੋਂ ਸੇਵਾ ਸਿੰਘ ਠੀਕਰੀਵਾਲਾ ਚੌਕ ਤੱਕ ਮੋਮਬੱਤੀ ਮਾਰਚ ਕੱਢਿਆ ਜਾਵੇਗਾ, ਜਿਸ ਦੌਰਾਨ ਇਨਸਾਫ਼ ਦੀ ਲੜਾਈ ਦਾ ਕੋਈ ਅਗਲਾ ਐਲਾਨ ਹੋਣ ਦੀ ਸੰਭਾਵਨਾ ਹੈ। ਇਸ ਮਾਰਚ ਲਈ ਦੁਪਹਿਰ ਤੋਂ ਬਾਅਦ ਹੀ ਨੌਜਵਾਨ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ।