ਮੁਹਾਲੀ, 20 ਜੁਲਾਈ
ਪੰਜਾਬ ਪੁਲੀਸ ਨੇ ਵਿਵਾਦਾਂ ’ਚ ਘਿਰੇ ਗਾਇਕ ਸਿੱਧੂ ਮੂਸੇਵਾਲਾ ਨੂੰ ਅਸਲਾ ਕਾਨੂੰਨ ਦੇ ਕੇਸ ਵਿੱਚ ਮਿਲੀ ਅਗਾਊਂ ਜ਼ਮਾਨਤ ਰੱਦ ਕਰਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਾਣ ਲਈ ਤਿਆਰੀ ਖਿੱਚੀ ਹੈ। ਇਸੇ ਦੌਰਾਨ ਮੂਸੇਵਾਲਾ ਵਿਰੁੱਧ ਅਪਰਾਧ ਸ਼ਾਖਾ ਨੇ ਉਸ ਦੇ ਨਵੇਂ ਗੀਤ ‘ਸੰਜੂ’ ਨਾਲ ਹਿੰਸਾ ਅਤੇ ਬੰਦੂਕ ਸਭਿਆਚਾਰ ਨੂੰ ਉਤਸ਼ਾਹਤ ਕਰਨ ਦੇ ਦੋਸ਼ ਹੇਠ ਇੱਕ ਹੋਰ ਕੇਸ ਦਰਜ ਕੀਤਾ ਹੈ। ਜ਼ਿਕਰਯੋਗ ਹੈ ਇਹ ਗੀਤ ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ’ਤੇ ਰਿਲੀਜ਼ ਹੋਇਆ ਸੀ। ਏਡੀਜੀਪੀ ਅਤੇ ਡਾਇਰੈਕਟਰ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਪੁਲੀਸ ਨੂੰ ਮਿਲੀ ਜਾਣਕਾਰੀ ਦੇ ਅਧਾਰ ’ਤੇ ਗਾਇਕ ਵਿਰੁੱਧ ਮੁਹਾਲੀ ਵਿੱਚ ਕੇਸ ਦਰਜ ਕੀਤਾ ਗਿਆ ਹੈ।