ਮਾਨਸਾ, 2 ਦਸੰਬਰ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰ ਮਾਈਂਡ ਗੋਲਡੀ ਬਰਾੜ ਨੂੰ ਅਮਰੀਕਾ ਦੇ ਕੈਲੀਫੋਰਨੀਆ ਵਿਚ ਹਿਰਾਸਤ ਵਿੱਚ ਲੈ ਲਿਆ। ਵੇਰਵਿਆਂ ਅਨੁਸਾਰ ਉਹ 20 ਨਵੰਬਰ ਨੂੰ ਫੜਿਆ ਗਿਆ ਸੀ ਪਰ ਕੈਲੇਫੋਰਨੀਆਂ ਪੁਲੀਸ ਨੇ ਇਸ ਦੀ ਅਜੇ ਤੱਕ ਕੋਈ ਸਰਕਾਰੀ ਅਤੇ ਵਿਭਾਗੀ ਤੌਰ ‘ਤੇ ਭਾਰਤੀ ਗ੍ਰਹਿ ਮੰਤਰਾਲੇ ਨੂੰ ਕੋਈ ਜਾਣਕਾਰੀ ਨਹੀਂ ਸੀ ਦਿੱਤੀ ਪਰ ਇਹ ਜਾਣਕਾਰੀ ਭਾਰਤੀ ਖ਼ੁਫ਼ੀਆ ਵਿਭਾਗ ਤੱਕ ਪਹੁੰਚ ਗਈ ਹੈ। ਮਾਨਸਾ ਪੁਲੀਸ ਦੇ ਇਕ ਅਧਿਕਾਰੀ ਨੇ ਉਸ ਦੇ ਹਿਰਾਸਤ ਵਿਚ ਲੈਣ ਦੀ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਉਸ ਨੂੰ ਬਿਨਾਂ ਪਾਸਪੋਰਟ ਤੋਂ ਫੜਿਆ ਗਿਆ ਹੈ ਅਤੇ ਉਸ ਵਿਰੁੱਧ ਪਹਿਲਾਂ ਹੀ ਦੋ ਪੁਰਾਣੇ ਕੇਸਾਂ ਵਿੱਚ ਰੈੱਡ ਕਾਰਨਰ ਨੋਟਿਸ ਜਾਰੀ ਹੋ ਚੁੱਕੇ ਹਨ। ਉਹ ਕੁਝ ਸਮਾਂ ਪਹਿਲਾਂ ਹੀ ਕੈਨੇਡਾ ਤੋਂ ਰਾਜਸੀ ਸ਼ਰਨ ਲੈਣ ਲਈ ਕੈਲੀਫੋਰਨੀਆਂ ਚਲਾ ਗਿਆ ਸੀ। ਹੁਣ ਭਾਰਤ ਸਰਕਾਰ ਰੈੱਡ ਕਾਰਨਰ ਨੋਟਿਸ ਦੇ ਸਬੂਤ ਅਮਰੀਕਾ ਸਰਕਾਰ ਨੂੰ ਦੇ ਕੇ ਉਸ ਨੂੰ ਭਾਰਤ ਵਿਚ ਲਿਆਉਣ ਲਈ ਚਾਰਾਜੋਈ ਕਰੇਗੀ।ਸਿੱਧੂ ਮੂਸੇਵਾਲਾ ‌ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕੱਲ ਹੀ ਗੋਲਡੀ ਬਰਾੜ ਦੀ ਸੂਹ ਦੇਣ ਵਾਲੇ ਨੂੰ ਦੋ ਕਰੋੜ ਰੁਪਏ ਆਪਣੇ ਪੱਲਿਉਂ ਦੇਣ ਦਾ ਐਲਾਨ ਕੀਤਾ ਹੈ। ਮਾਨਸਾ ਪੁਲੀਸ ਦੇ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਸਿੱਧੂ ਮੂਸੇਵਾਲਾ ‌ਦੇ ਕਤਲ ਤੋਂ ਬਾਅਦ ਗੋਲਡੀ ਬਰਾੜ ਕੈਨੇਡਾ ਵਿੱਚ ਮੂਸੇਵਾਲੇ ਦੇ ਪ੍ਰਸ਼ੰਸਕਾਂ ਦੀ ਗਿਣਤੀ ਵੱਧਣ ਕਰਕੇ ਅਤੇ ਕਤਲ ਦੀ ਵੱਡੇ ਪੱਧਰ ਉੱਤੇ ਵਿਰੋਧ ਹੋਣ ਤੋਂ ਬਾਅਦ ਹੀ ਅਮਰੀਕਾ ਚਲਾ ਗਿਆ ਸੀ ਅਤੇ ਉਥੋਂ ਹੀ ਕੈਲੀਫੋਰਨੀਆ ਸਟੇਟ ਵਿਚ ਸ਼ਿਫਟ ਹੋਇਆ ਸੀ।