ਨਵੀਂ ਦਿੱਲੀ, 14 ਦਸੰਬਰ
ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਸੁਲਝਾਉਣ ਵਿਚ ਲੱਗੇ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਦੇ 12 ਅਧਿਕਾਰੀਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਵਾਈ-ਸ਼੍ਰੇਣੀ ਦੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਦਿੱਲੀ ਪੁਲਿਸ ਨੇ ਕਿਹਾ ਕਿ ਜਿਨ੍ਹਾਂ ਦੀ ਸੁਰੱਖਿਆ ’ਚ ਵਾਧਾ ਕੀਤਾ ਗਿਆ ਹੈ ਉਨ੍ਹਾਂ ਵਿੱਚ ਸਪੈਸ਼ਲ ਸੀਪੀ ਐੱਚਜੀਐੱਸ ਧਾਲੀਵਾਲ, ਡੀਸੀਪੀ ਸਪੈਸ਼ਲ ਸੈੱਲ ਮਨੀਸ਼ੀ ਚੰਦਰਾ, ਡੀਸੀਪੀ ਰਾਜੀਵ ਰੰਜਨ ਸ਼ਾਮਲ ਹਨ। ਪੁਲੀਸ ਨੇ ਏਸੀਪੀ ਲਲਿਤ ਨੇਗੀ, ਏਸੀਪੀ ਹਿਰਦੇ ਭੂਸ਼ਣ, ਏਸੀਪੀ ਵੇਦ ਪ੍ਰਕਾਸ਼, ਏਸੀਪੀ ਰਾਹੁਲ ਵਿਕਰਮ, ਇੰਸਪੈਕਟਰ ਰਵਿੰਦਰ ਜੋਸ਼ੀ, ਇੰਸਪੈਕਟਰ ਸੁਨੀਲ ਕੁਮਾਰ, ਇੰਸਪੈਕਟਰ ਵਿਕਰਮ ਦਹੀਆ, ਇੰਸਪੈਕਟਰ ਨਿਸ਼ਾਂਤ ਦਹੀਆ, ਇੰਸਪੈਕਟਰ ਵਿਨੋਦ ਕੁਮਾਰ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। 29 ਮਈ ਦੇ ਕਤਲ ਕੇਸ ਨੂੰ ਸੁਲਝਾਉਣ ਲਈ ਤਾਇਨਾਤ ਹੋਰ ਪੁਲੀਸ ਮੁਲਾਜ਼ਮਾਂ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਰਿਪੋਰਟਾਂ ਅਨੁਸਾਰ ਹਰ ਸਮੇਂ ਕਮਾਂਡੋ ਹਰ ਸਮੇਂ ਇਨ੍ਹਾਂ ਨਾਲ ਰਹੇਗਾ। ਰਿਪੋਰਟਾਂ ਦੇ ਅਨੁਸਾਰ ਇਹ ਕਦਮ ਪੰਜਾਬ ਦੇ ਗੈਂਗਸਟਰ ਹਰਵਿੰਦਰ ਰਿੰਦਾ ਦੇ ਸਹਿਯੋਗੀ ਲਖਬੀਰ ਲੰਡਾ ਵੱਲੋਂ ਸੋਸ਼ਲ ਮੀਡੀਆ ‘ਤੇ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਦੇ ਅਧਿਕਾਰੀਆਂ ਨੂੰ ਧਮਕੀ ਦੇਣ ਤੋਂ ਬਾਅਦ ਲਿਆ ਗਿਆ ਹੈ। ਲੰਡਾ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਸਪੈਸ਼ਲ ਸੈੱਲ ਦਾ ਕੋਈ ਵੀ ਅਧਿਕਾਰੀ ਪੰਜਾਬ ਵਿੱਚ ਦਾਖਲ ਨਾ ਹੋਵੇ।