ਚੰਡੀਗਡ਼੍ਹ, ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਅੱਜ ਮੁਡ਼ ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਇੱਕ-ਦੂਸਰੇ ਵਿਰੁੱਧ ਮਾਡ਼ੀ ਭਾਸ਼ਾ ਵਰਤ ਕੇ ਸਦਨ ਦੀ ਪਵਿੱਤਰਤਾ ਨੂੰ ਸ਼ਰਮਸਾਰ ਕੀਤਾ। ਇਸ ’ਤੇ ਸਪੀਕਰ ਰਾਣਾ ਕੇਪੀ ਸਿੰਘ ਨੂੰ 22 ਮਾਰਚ ਵਾਂਗ ਮੁਡ਼ ਦੋਵਾਂ ਵੱਲੋਂ ਬੋਲੇ ਅਪਮਾਨਜਨਕ ਸ਼ਬਦਾਂ ਨੂੰ ਸਦਨ ਦੀ ਕਾਰਵਾਈ ਵਿੱਚੋਂ ਕਢਵਾਉਣਾ ਪਿਆ।
ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੇ ਦੋਵਾਂ ਵੱਲੋਂ ਨਿਰੰਤਰ ਸਦਨ ਵਿੱਚ ਬੋਲੇ ਜਾ ਰਹੇ ਨਾ-ਸੁਣਨਯੋਗ ਸ਼ਬਦਾਂ ਦਾ ਮੁੱਦਾ ਸਪੀਕਰ ਕੋਲ ਉਠਾਇਆ ਪਰ ਦੂਜੇ ਪਾਸੇ 22 ਮਾਰਚ ਵਾਂਗ ਅੱਜ ਵੀ ਹਾਊਸ ਵਿੱਚ ਮੌਜੂਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੋਹਾਂ ਦੇ ਕੁਬੋਲਾਂ ਨੂੰ ਚੁੱਪ ਕਰਕੇ ਸੁਣਦੇ ਰਹੇ। ਅੱਜ ਜਦੋਂ ਸ੍ਰੀ ਸਿੱਧੂ ਪ੍ਰਸ਼ਨ ਕਾਲ ਦੌਰਾਨ ਵਿਧਾਇਕ ਪਵਨ ਕੁਮਾਰ ਆਦੀਆ ਦੇ ਸ਼ਾਮ ਚੁਰਾਸੀ ਦੇ ਕਸਬੇ ਹਰਿਆਣਾ ਵਿਚਲੇ ਬੱਸ ਅੱਡੇ ਨੂੰ ਬਣਾਉਣ ਬਾਰੇ ਜਵਾਬ ਦੇ ਰਹੇ ਸਨ ਤਾਂ ਉਸ ਵੇਲੇ ਸ੍ਰੀ ਮਜੀਠੀਆ ਵੱਲੋਂ ਟੋਕਣ ਕਾਰਨ ਤਕਰਾਰ ਪੈਦਾ ਹੋ ਗਿਆ। ਅਸਲ ਵਿੱਚ ਸ੍ਰੀ ਸਿੱਧੂ ਨੇ ਆਪਣੇ ਜਵਾਬ ਵਿੱਚ ਨਾਲ ਬੈਠੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਅੱਜ ਖਜ਼ਾਨਾ ਮੰਤਰੀ ਨੇ ਬਜਟ ਪੇਸ਼ ਕਰਦਿਆਂ ਇਸ ਲਈ ਗ੍ਰਾਂਟ ਜਾਰੀ ਕਰ ਦੇਣੀ ਹੈ ਤਾਂ ਇਸ ’ਤੇ ਸ੍ਰੀ ਮਜੀਠੀਆ ਨੇ ਸਪੀਕਰ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸ੍ਰੀ ਸਿੱਧੂ ਬਜਟ ਪੇਸ਼ ਹੋਣ ਤੋਂ ਪਹਿਲਾਂ ਹੀ ਉਸ ਵਿਚਲੇ ਤੱਥ ਜੱਗ ਜ਼ਾਹਰ ਕਰ ਰਹੇ ਹਨ। ਇਹ ਸੁਣਦਿਆਂ ਹੀ ਸ੍ਰੀ ਸਿੱਧੂ ਤਾਅ ਵਿੱਚ ਆ ਗਏ ਅਤੇ ਸ੍ਰੀ ਮਜੀਠੀਆ ਨੂੰ ਅਪਸ਼ਬਦ ਬੋਲੇ।
ਸ੍ਰੀ ਸਿੱਧੂ ਨਾਲ ਬੈਂਚ ’ਤੇ ਬੈਠੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਤੁਰੰਤ ਉਥੋਂ ਉਠ ਕੇ ਪਿਛਲੇ ਬੈਂਚ ’ਤੇ ਬੈਠ ਗਏ। ਦੱਸਣਯੋਗ ਹੈ ਕਿ ਜਦੋਂ 22 ਮਾਰਚ ਨੂੰ ਵੀ ਦੋਵਾਂ ਵਿਚਕਾਰ ਅਜਿਹੀ ਬਹਿਸ ਹੋਈ ਸੀ ਤਾਂ ਉਸ ਵੇਲੇ ਵੀ ਸ੍ਰੀ ਮਹਿੰਦਰਾ ਬੈਂਚ ਤੋਂ ਉੱਠ ਕੇ ਪਿੱਛੇ ਚਲੇ ਗਏ ਸਨ। ਦੂਸਰੇ ਪਾਸੇ ਸ੍ਰੀ ਮਜੀਠੀਆ ਨੇ ਵੀ ਸ੍ਰੀ ਸਿੱਧੂ ਨੂੰ ਤਿੱਖੇ ਸ਼ਬਦਾਂ ਵਿੱਚ ਜਵਾਬ ਦਿੱਤਾ। ਸਪੀਕਰ ਨੇ ਦੋਵਾਂ ਨੂੰ ਚੁੱਪ ਕਰਵਾਉਣ ਦਾ ਯਤਨ ਕੀਤਾ ਅਤੇ ਦੋਵਾਂ ਵੱਲੋਂ ਵਰਤੇ ਇਤਰਾਜ਼ਯੋਗ ਸ਼ਬਦ ਕਾਰਵਾਈ ਵਿੱਚੋਂ ਕਟਵਾ ਦਿੱਤੇ। ਸ੍ਰੀ ਖਹਿਰਾ ਨੇ ਉਠ ਕੇ ਦੋਵਾਂ ਵੱਲੋਂ ਵਾਰ-ਵਾਰ ਸਦਨ ਵਿੱਚ ਇਤਰਾਜ਼ਯੋਗ ਸ਼ਬਦ ਵਰਤਣ ਉਪਰ ਇਤਰਾਜ਼ ਕੀਤਾ ਅਤੇ ਸਪੀਕਰ ਨੂੰ ਇਸ ਪ੍ਰਕਿਰਿਆ ਨੂੰ ਰੋਕਣ ਲਈ ਠੋਸ ਕਦਮ ਚੁੱਕਣ ਲਈ ਕਿਹਾ। ਇਸ ਦੌਰਾਨ ਸ੍ਰੀ ਖਹਿਰਾ ਵੀ ਕੁਝ ਤਿੱਖੇ ਸ਼ਬਦ ਬੋਲ ਗਏ ਅਤੇ ਸਪੀਕਰ ਨੂੰ ਉਨ੍ਹਾਂ ਦੇ ਸ਼ਬਦ ਵੀ ਕਟਵਾਉਣੇ ਪਏ।
ਸ੍ਰੀ ਖਹਿਰਾ ਨੇ ਕਿਹਾ ਕਿ ਦੋਵੇਂ ਮੈਂਬਰ ਵਾਰ-ਵਾਰ ਸਦਨ ਵਿੱਚ ਭੈਡ਼ੀ ਸ਼ਬਦਾਵਲੀ ਬੋਲ ਕੇ ਜਿਥੇ ਸਾਰਿਆਂ ਨੂੰ ਸ਼ਰਮਸਾਰ ਕਰਦੇ ਹਨ, ਉਥੇ ਸੈਸ਼ਨ ਦੇ ਸਮੇਂ ਨੂੰ ਵੀ ਬਰਬਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇ ਦੋਵੇਂ ਏਨੇ ਹੀ ਅੌਖੇ ਹਨ ਤਾਂ ਬਾਹਰ ਜਾ ਕੇ ਇੱਕ-ਦੂਸਰੇ ਨੂੰ ਦੇਖ ਲੈਣ। ਇਸ ਤੋਂ ਬਾਅਦ ਦੋਵੇਂ ਸ਼ਾਂਤ ਹੋਏ।
ਇਸ ਮੌਕੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਕਾਂਗਰਸ ਦੇ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਵਿਚਾਲੇ ਵੀ ਨੋਕ-ਝੋਕ ਹੋਈ। ਪ੍ਰਸ਼ਨ ਕਾਲ ਦੌਰਾਨ ਲੋਕ ਨਿਰਮਾਣ ਮੰਤਰੀ ਰਜ਼ੀਆ ਸੁਲਤਾਨ ਨੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਅਕਾਲੀ ਸਰਕਾਰ ਨੇ ਤਾਂ 10 ਸਾਲ ਸਡ਼ਕਾਂ ਦਾ ਪੈਚ ਵਰਕ ਵੀ ਨਹੀਂ ਕਰਵਾਇਆ। ਜਲ ਸਪਲਾਈ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਵਿਧਾਇਕ ਸ੍ਰੀ ਮਜੀਠੀਆ ਦੇ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ’ਚ 22,850 ਪਖਾਨਿਆਂ ਵਿੱਚੋਂ 10,090 ਤਿਆਰ ਹੋ ਗਏ ਹਨ ਅਤੇ ਬਲਾਕ ਮਜੀਠਾ ਵਿਚ ਸ਼ੁਰੂ ਕਰਵਾਏ 2056 ਪਖਾਨਿਆਂ ਵਿੱਚੋਂ 811 ਮੁਕੰਮਲ ਹੋ ਗਏ ਹਨ। ਵਿਧਾਇਕ ਸੁਰਜੀਤ ਸਿੰਘ ਧੀਮਾਨ ਦੇ ਸਵਾਲ ਦੇ ਜਵਾਬ ਵਿਚ ਮੰਤਰੀ ਨਵਜੋਤ ਸਿੱਧੂ ਨੇ ਦੱਸਿਆ ਕਿ ਦਿਡ਼੍ਹਬਾ ਦਾ ਸੀਵਰੇਜ ਦਾ ਕੰਮ ਪ੍ਰਗਤੀ ਅਧੀਨ ਹੈ। ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੇ ਸਵਾਲ ਦੇ ਜਵਾਬ ਵਿੱਚ ਮੰਤਰੀ ਸ੍ਰੀ ਬਾਜਵਾ ਨੇ ਦੱਸਿਆ ਕਿ ਪਿੰਡ ਕਿਸ਼ਨਪੁਰਾ (ਪਟਿਆਲਾ) ਮਾਰਚ 2019 ਤੋਂ ਨਵੇਂ ਵਾਟਰ ਵਰਕਸ ਨਾਲ ਜੋਡ਼ ਦਿੱਤਾ ਜਾਵੇਗਾ। ਵਿਧਾਇਕ ਅਮਰਜੀਤ ਸਿੰਘ ਸੰਦੋਆ ਦੇ ਸਵਾਲ ਦੇ ਜਵਾਬ ਵਿਚ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਦੱਸਿਆ ਕਿ ਸਰਕਾਰੀ ਕਾਲਜ ਰੂਪ ਨਗਰ ਵਿਚਲੀਆਂ 70 ਅਸਾਮੀਆਂ ਵਿਚੋਂ 61 ਅਸਾਮੀਆਂ ਭਰੀਆਂ ਹਨ ਅਤੇ ਬਾਕੀ 9 ਖਾਲੀ ਅਸਾਮੀਆਂ ਭਰਨ ਉਪਰ ਹਾਈਕੋਰਟ ਨੇ ਰੋਕ ਲਾਈ ਹੈ।