ਚੰਡੀਗੜ੍ਹ, 25 ਜਨਵਰੀ,ਸਰਕਾਰ ਨਾਲ ਨਾਰਾਜ਼ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਸ਼ਾਮਲ ਹੋਏ ਅਤੇ ਵਜ਼ਾਰਤ ਵੱਲੋਂ ਵੱਖ ਵੱਖ ਮਾਮਲਿਆਂ ’ਤੇ ਕੀਤੀ ਚਰਚਾ ’ਚ ਹਿੱਸਾ ਲਿਆ। ਕੱਲ੍ਹ ਅੰਮ੍ਰਿਤਸਰ ਦੇ ਮੇਅਰ ਦੀ ਚੋਣ ਮੀਟਿੰਗ ਵਿੱਚ ਸ਼ਾਮਲ ਨਾ ਹੋ ਕੇ ਉਨ੍ਹਾਂ ਨੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਸੀ ਅਤੇ ਕਿਆਸ ਲਾਏ ਜਾ ਰਹੇ ਸਨ ਕਿ ਨਾਰਾਜ਼ਗੀ ਕਾਰਨ ਉਹ ਅੱਜ ਕੈਬਨਿਟ ਮੀਟਿੰਗ ’ਚ ਵੀ ਸ਼ਾਮਲ ਨਹੀਂ ਹੋਣਗੇ।
ਮੰਤਰੀ ਮੰਡਲ ਦੀ ਮੀਟਿੰਗ ਬਾਅਦ ਸ੍ਰੀ ਸਿੱਧੂ ਨੇ ਕਿਹਾ ਕਿ ਉਹ ਆਪਣੇ ਫੈ਼ਸਲੇ ’ਤੇ ਅਟੱਲ ਹਨ ਅਤੇ ਜੇਕਰ ਮੁੜ ਉਨ੍ਹਾਂ ਨਾਲ ਅਜਿਹਾ ਵਿਵਹਾਰ ਕੀਤਾ ਤਾਂ ਉਹ ਆਪਣੇ ਸਟੈਂਡ ਤੋਂ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ, ‘ਸਥਾਨਕ ਸਰਕਾਰਾਂ ਬਾਰੇ ਮੰਤਰੀ ਹੋਣ ਦੇ ਬਾਵਜੂਦ ਤਿੰਨ ਨਗਰ ਨਿਗਮਾਂ ਪਟਿਆਲਾ, ਜਲੰਧਰ ਤੇ ਅੰਮ੍ਰਿਤਸਰ ਦੇ ਮੇਅਰਾਂ ਦੀ ਚੋਣ ਬਾਰੇ ਪਿਛਲੇ ਇਕ ਮਹੀਨੇ ਤੋਂ ਸਰਕਾਰੀ ਪੱਧਰ ’ਤੇ ਹੋਏ ਵਿਚਾਰ ਵਟਾਂਦਰੇ ਵਿੱਚ ਮੈਨੂੰ ਸ਼ਾਮਲ ਨਹੀਂ ਕੀਤਾ ਗਿਆ ਅਤੇ ਨਾ ਹੀ ਇਸ ਬਾਰੇ ਮੇਰੇ ਕੋਲੋਂ ਪਾਰਟੀ ਪੱਧਰ ’ਤੇ ਹੀ ਕੋਈ ਰਾਇ ਲਈ ਗਈ। ਮੇਰੇ ਨਾਲ ਕੀਤਾ ਗਿਆ ਇਹ ਵਿਵਹਾਰ ਮੈਨੂੰ ਕਾਫੀ ਚੁੱਭਦਾ ਰਿਹਾ ਹੈ। ਇਥੋਂ ਤਕ ਕਿ ਅੰਮ੍ਰਿਤਸਰ ਦੇ ਮੇਅਰ ਦੀ ਚੋਣ ਤੋਂ ਪਹਿਲਾਂ ਵੀ ਮੈਨੂੰ ਮੀਟਿੰਗ ’ਚ ਸ਼ਾਮਲ ਹੋਣ ਨਹੀਂ ਠੀਕ ਢੰਗ ਨਾਲ ਨਹੀਂ ਬੁਲਾਇਆ ਗਿਆ, ਜਿਸ ਕਾਰਨ ਮੈਂ ਉਸ ਮੀਟਿੰਗ ’ਚ ਸ਼ਾਮਲ ਨਹੀਂ ਹੋਇਆ।’
ਕੈਬਨਿਟ ਮੀਟਿੰਗ ’ਚ ਸ਼ਾਮਲ ਨਾ ਹੋਣ ਦੀ ਚਰਚਾ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮੀਟਿੰਗ ਵਿੱਚ ਨਾ ਸ਼ਾਮਲ ਹੋਣ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਸੀ। ਇਸ ਮੁੱਦੇ ’ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਕੋਈ ਗੱਲਬਾਤ ਹੋਣ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਜਦੋਂ ਬੁਲਾਉਣਗੇ, ਹਾਜ਼ਰ ਹੋ ਜਾਵਾਂਗਾ। ਪਰ ਆਪਣੇ ਸਟੈਂਡ ’ਤੇ ਕਾਇਮ ਰਹਾਂਗਾ। ਕੈਬਨਿਟ ਮੀਟਿੰਗ ’ਚ ਉਨ੍ਹਾਂ ਦੇ ਮਾਮਲੇ ’ਤੇ ਕੋਈ ਚਰਚਾ ਹੋਣ ਬਾਰੇ ਸਵਾਲ ’ਤੇ ਸ੍ਰੀ ਸਿੱਧੂ ਨੇ ਕਿਹਾ ਕਿ ਇਸ ਬਾਰੇ ਕੋਈ ਚਰਚਾ ਨਹੀਂ ਹੋਈ। ਜੇਕਰ ਚਰਚਾ ਹੁੰਦੀ ਤਾਂ ਉਹ ਆਪਣੀ ਗੱਲ ਸਾਰਿਆਂ ਸਾਹਮਣੇ ਲਾਜ਼ਮੀ ਰੱਖਦੇ।