ਜ਼ਿਲ੍ਹਾ ਪਟਿਆਲਾ ‘ਚ ਹੋਈਆਂ ਸਰਗਰਮੀਆਂ ਤੇਜ਼
ਪਟਿਆਲਾ 4 ਅਗਸਤ:
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਨਿੱਤ ਨਵੀਆਂ ਪੁਲਾਂਘਾਂ ਪੁੱਟ ਰਹੇ ਰਾਜ ਦੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੀਆਂ ਪ੍ਰਾਪਤੀਆਂ ਦਾ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਵੇਖਣ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਦੇਖ-ਰੇਖ ‘ਚ ਹੋਣ ਵਾਲੇ ਇਸ ਸਰਵੇਖਣ ਦੀ ਤਿਆਰੀ ਸਬੰਧੀ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਵੱਲੋਂ ‘ਪੰਜਾਬ ਪ੍ਰਾਪਤੀ ਸਰਵੇਖਣ’ (ਪੰਜਾਬ ਅਚੀਵਮੈਂਟ ਸਰਵੇ) ਦੀ ਤਿਆਰੀ ਲਈ ਡੀ.ਪੀ.ਆਈਜ਼., ਨੋਡਲ ਅਫ਼ਸਰਾਂ, ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਤੇ ਹੋਰਨਾਂ ਅਧਿਕਾਰੀਆਂ ਨਾਲ ਵਿਸਥਾਰਪੂਰਵਕ ਆਨਲਾਈਨ ਮੀਟਿੰਗ ਕੀਤੀ ਗਈ ਹੈ। ਜਿਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਹਰਿੰਦਰ ਕੌਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਇੰਜ. ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਸਰਵੇਖਣ ‘ਚ ਚਲੰਤ ਵਿਦਿਅਕ ਸੈਸ਼ਨ 2020-21 ਦੌਰਾਨ ਰਾਜ ਦੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ‘ਚ ਵਿੱਦਿਅਕ ਗੁਣਵੱਤਾ ਦੀ ਪਰਖ ਕੀਤੀ ਜਾਵੇਗੀ। ਇਸ ਸਰਵੇਖਣ ਦੀ ਸ਼ੁਰੂਆਤ ਅਗਸਤ ਮਹੀਨੇ ‘ਚ ਹੋਣ ਵਾਲੇ ਪ੍ਰਸ਼ਨੋਤਰੀ ਨਾਲ ਹੋਵੇਗੀ ਅਤੇ ਇਸ ਤੋਂ ਪੰਦਰਾਂ ਦਿਨ ਬਾਅਦ ਫਿਰ ਸਰਵੇਖਣ ਸਬੰਧੀ ਪ੍ਰਸ਼ਨੋਤਰੀ (ਕੁਇਜ਼) ਹੋਵੇਗੀ।
ਸਤੰਬਰ ਮਹੀਨੇ ‘ਚ ਬੱਚਿਆਂ ਦਾ ਪਹਿਲਾ ਮੋਕ ਟੈਸਟ ਹੋਵੇਗਾ। ਦੂਸਰਾ ਮੋਕ ਟੈਸਟ ਅਕਤੂਬਰ ਤੇ ਤੀਸਰਾ ਟੈਸਟ ਨਵੰਬਰ ਮਹੀਨੇ ‘ਚ ਨੇਪਰੇ ਚੜੇਗਾ। ਇਸ ਸਰਵੇਖਣ ਲਈ ਕੋਈ ਅਲੱਗ ਪਾਠਕ੍ਰਮ ਨਹੀਂ ਹੋਵੇਗਾ ਅਤੇ ਇਹ ਪਹਿਲਾ ਤੋਂ ਪੜ੍ਹ ਰਹੇ ਵਿਸ਼ਿਆਂ ਦੇ ਪਾਠਕ੍ਰਮ ‘ਤੇ ਹੀ ਅਧਾਰਤ ਹੋਵੇਗਾ। ਇਸ ਸਰਵੇਖਣ ਲਈ ਜਮਾਤ ਵਾਰ ਵਿਸ਼ਿਆਂ ਦੀ ਚੋਣ ਕੀਤੀ ਗਈ ਹੈ, ਜਿਸ ਤਹਿਤ ਪ੍ਰਾਇਮਰੀ ਜਮਾਤਾਂ ਦੇ ਸਾਰੇ ਵਿਸ਼ੇ, ਛੇਵੀਂ ਤੋਂ ਦਸਵੀਂ ਤੱਕ ਦੇ 4 ਵਿਸ਼ਿਆਂ (ਅੰਗਰੇਜ਼ੀ, ਗਣਿਤ, ਵਿਗਿਆਨ ਤੇ ਸਮਾਜਿਕ ਸਿੱਖਿਆ) ਅਤੇ 11 ਤੇ 12ਵੀਂ ਜਮਾਤ ਦੇ ਕੁਝ ਚੋਣਵੇਂ ਵਿਸ਼ਿਆਂ ‘ਤੇ ਅਧਾਰਤ ਇਹ ਸਰਵੇ ਕਰਵਾਇਆ ਜਾਵੇਗਾ।
ਸ੍ਰੀਮਤੀ ਹਰਿੰਦਰ ਕੌਰ ਤੇ ਇੰਜ. ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਸਰਵੇ ਦੀ ਸਫਲਤਾ ਲਈ ਬਲਾਕ ਸਿੱਖਿਆ ਅਫ਼ਸਰਾਂ, ਸਿੱਖਿਆ ਸੁਧਾਰ ਟੀਮਾਂ, ਜ਼ਿਲ੍ਹਾ ਤੇ ਬਲਾਕ ਮੈਂਟਰ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ, ਸਕੂਲ ਮੁਖੀ ਤੇ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਤਿਆਰੀ ਕਰਵਾੳਣ ਤੇ ਉਤਸ਼ਾਹਿਤ ਕਰਨ ਦੀ ਜਿੰਮੇਵਾਰੀ ਸੌਂਪੀ ਗਈ ਹੈ। ਸਰਵੇਖਣ ਸਬੰਧੀ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਤੇ ਬਲਾਕ ਮੈਂਟਰ, ਅਧਿਆਪਕਾਂ ਨੂੰ ਸਿਖਲਾਈ ਦੇਣਗੇ ਅਤੇ ਅਧਿਆਪਕ ਦੁਆਰਾ ਅੱਗੇ ਬੱਚਿਆਂ ਨੂੰ ਇਸ ਸਬੰਧੀ ਜਾਣਕਾਰੀ ਦੇਣ ਦੇ ਨਾਲ-ਨਾਲ ਭਾਗ ਲੈਣ ਲਈ ਪ੍ਰੇਰਿਤ ਕਰਨਗੇ। ਸਰਵੇਖਣ ਦੀ ਤਿਆਰੀ ਲਈ ਨਮੂਨੇ ਵਜੋਂ ਪ੍ਰਸ਼ਨੋਤਰੀ ਸਬੰਧੀ ਸਹਾਇਕ ਸਮੱਗਰੀ ਵਿਭਾਗ ਵੱਲੋਂ ਆਨਲਾਈਨ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਬੱਚਿਆਂ ਤੇ ਮਾਪਿਆਂ ਨੂੰ ਇਸ ਸਰਵੇਖਣ ਸਬੰਧੀ ਵੱਖ-ਵੱਖ ਸਾਧਨਾਂ ਰਾਹੀਂ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇਗਾ। ਇਸ ਸਰਵੇਖਣ ਦਾ ਮੁੱਖ ਮੰਤਵ ਵਿਭਾਗ ਵੱਲੋਂ ਆਪਣੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਹਰ ਪੱਖੋਂ ਕੇਂਦਰ ਸਰਕਾਰ ਵੱਲੋਂ ਕਰਵਾਏ ਜਾਣ ਵਾਲੇ ਨੈਸ਼ਨਲ ਅਚੀਵਮੈਂਟ ਸਰਵੇਖਣ ਦੀ ਤਿਆਰ ਕਰਨਾ ਹੈ।