ਚੰਡੀਗੜ੍ਹ, 25 ਅਪਰੈਲ

ਪੰਜਾਬ ਦੇ ਸਿੱਖਿਆ ਅਤੇ ਵਾਤਾਵਰਨ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਇੱਥੇ ਪੰਜਾਬ ਸਿਵਲ ਸਕੱਤਰੇਤ ਵਿੱਚ ਚਾਰਜ ਸੰਭਾਲਦਿਆਂ ਕਿਹਾ ਕਿ ਉਨ੍ਹਾਂ ਲਈ ਸਿੱਖਿਆ ਵਿਭਾਗ ਨੂੰ ਲੀਹ ’ਤੇ ਪਾਉਣਾ ਕੋਈ ਵੱਡੀ ਚੁਣੌਤੀ ਨਹੀਂ ਹੈ ਕਿਉਂਕਿ ਉਹ ਵੱਡੀਆਂ ਤੋਂ ਵੱਡੀਆਂ ਚੁਣੌਤੀਆਂ ਦਾ ਮੁਕਾਬਲਾ ਕਰ ਚੁੱਕੇ ਹਨ।
ਉਨ੍ਹਾਂ ਚਾਰਜ ਸੰਭਾਲਣ ਮੌਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਉਹ ਮੰਨਦੇ ਹਨ ਕਿ ਸਿੱਖਿਆ ਵਿਭਾਗ ਅਹਿਮ ਅਦਾਰਾ ਹੈ, ਜਿਸ ਨੇ ਪੰਜਾਬ ਦਾ ਭਵਿੱਖ ਸਿਰਜਣਾ ਹੈ। ਉਨ੍ਹਾਂ ਵਿਭਾਗ ਵਿੱਚ ਚੱਲ ਰਹੇ ਵੱਡੇ ਅੰਦੋਲਨਾਂ ਬਾਰੇ ਕਿਹਾ ਕਿ ਉਹ ਅਧਿਆਪਕ ਯੂਨੀਅਨਾਂ ਦੀ ਵੀ ਸੁਣਨਗੇ ਅਤੇ ਲੋਕ ਹਿੱਤਾਂ ਦਾ ਵੀ ਖਿਆਲ ਰੱਖਣਗੇ। ਜਦੋਂ ਮੰਤਰੀ ਨੂੰ ਪੁੱਛਿਆ ਕਿ ਸਰਕਾਰ ਅਧਿਆਪਕਾਂ ਨੂੰ ਪਹਿਲੇ ਤਿੰਨ ਸਾਲ ਮੁੱਢਲੀ ਤਨਖਾਹ (10,300) ਵਿੱਚ ਕੰਮ ਕਰਨ ਦੀ ਸ਼ਰਤ ਲਾ ਕੇ ਰੈਗੂਲਰ ਕਰਨ ਦੀ ਤਜਵੀਜ਼ ਤਿਆਰ ਕਰਕੇ ਅਧਿਆਪਕਾਂ ਨੂੰ ਪਹਿਲਾਂ ਮਿਲਦੀਆਂ ਤਨਖਾਹਾਂ ਉਪਰ ਵੀ ਕੈਂਚੀ ਫੇਰ ਕੇ ਰੈਗੂਲਰ ਕਰਨਾ ਚਾਹੁੰਦੀ ਹੈ ਤਾਂ ਮੰਤਰੀ ਨੇ ਇਸ ਦੇ ਜਵਾਬ ਵਿੱਚ ਕਿਹਾ ਕਿ ਉਨ੍ਹਾਂ ਨੇ ਅੱਜ ਹੀ ਅਹੁਦਾ ਸੰਭਾਲਿਆ ਹੈ ਅਤੇ ਉਹ ਅਜਿਹੇ ਸਾਰੇ ਮਾਮਲਿਆਂ ਦੀ ਘੋਖ ਕਰਨਗੇ। ਮੰਤਰੀ ਨੇ ਅਧਿਆਪਕਾਂ ਦੀਆਂ ਬਦਲੀਆਂ ਬਾਰੇ ਕਿਹਾ ਕਿ ਇਸ ਮੁੱਦੇ ਉਪਰ ਵੀ ਵਿਚਾਰ ਕੀਤਾ ਜਾਵੇਗਾ। ਉਨ੍ਹਾਂ 12ਵੀਂ ਜਮਾਤ ਦੇ ਸਰਹੱਦੀ ਖੇਤਰਾਂ ਵਿਚਲੇ ਸਕੂਲਾਂ ਦੇ ਮਾੜੇ ਨਤੀਜੇ ਆਉਣ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਇਸ ਮਾਮਲੇ ਦੀ ਵੀ ਪੂਰੀ ਘੋਖ ਕਰਨਗੇ।
ਸ੍ਰੀ ਸੋਨੀ ਨੂੰ ਮੁੱਖ ਮੰਤਰੀ ਵੱਲੋਂ ਬਾਅਦ ਵਿੱਚ ਨਾਟਕੀ ਢੰਗ ਨਾਲ ਵਾਤਾਵਰਨ ਵਿਭਾਗ ਦਿੱਤੇ ਜਾਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਇਸ ਬਾਬਤ ਉਨ੍ਹਾਂ ਨੇ ਨਾ ਤਾਂ ਕੋਈ ਮੰਗ ਰੱਖੀ ਸੀ ਅਤੇ ਨਾ ਹੀ ਰੋਸ ਪ੍ਰਗਟ ਕੀਤਾ ਸੀ ਪਰ ਮੁੱਖ ਮੰਤਰੀ ਨੇ ਖੁਦ ਹੀ ਦੁਬਾਰਾ ਸੋਚ ਕੇ ਇਹ ਵਿਭਾਗ ਉਨ੍ਹਾਂ ਨੂੰ ਦੇ ਦਿੱਤਾ ਹੈ। ਸ੍ਰੀ ਸੋਨੀ ਨੇ ਚਾਰਜ ਸਾਂਭਦਿਆਂ ਹੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ, ਡੀਪੀਆਈ ਪਰਮਜੀਤ ਸਿੰਘ ਤੇ ਇੰਦਰਜੀਤ ਸਿੰਘ ਡੀਜੀਐੱਸਈ ਪ੍ਰਸ਼ਾਤ ਗੋਇਲ ਆਦਿ ਨਾਲ ਮੀਟਿੰਗ ਕਰਕੇ ਸਿੱਖਿਆ ਵਿਭਾਗ ਦੇ ਕੰਮ-ਕਾਜ ਦਾ ਜਾਇਜ਼ਾ ਲਿਆ।
ਦੱਸਣਯੋਗ ਹੈ ਕਿ ਭਾਵੇਂ ਨਵ-ਨਿਯੁਕਤ ਮੰਤਰੀ ਸਿੱਖਿਆ ਵਿਭਾਗ ਅਤੇ ਅਧਿਆਪਕ ਵਰਗ ਦੇ ਸੰਘਰਸ਼ ਦੀਆਂ ਚੁਣੌਤੀਆਂ ਨੂੰ ਸਰ ਕਰਨ ਦੇ ਦਾਅਵੇ ਕਰ ਰਹੇ ਹਨ ਪਰ ਕੁਝ ਮੁੱਦੇ ਮੰਤਰੀ ਵੱਲੋਂ ਹੱਲ ਕਰਵਾਉਣੇ ਟੇਢਾ ਮਾਮਲਾ ਹੈ ਕਿਉਂਕਿ ਸਰਕਾਰ ਕਿਸੇ ਵੀ ਰੂਪ ਵਿੱਚ ਠੇਕੇ ’ਤੇ ਕੰਮ ਕਰਦੇ ਨਿਰਧਾਰਤ ਤਨਖਾਹਾਂ ਸਕੇਲਾਂ ਤੋਂ ਵੱਧ ਜਾਂ ਘੱਟ ਤਨਖਾਹਾਂ ਲੈਣ ਵਾਲੇ ਅਧਿਆਪਕਾਂ ਨੂੰ ਪੂਰੀਆਂ ਤਨਖਾਹਾਂ ਦੇ ਕੇ ਰੈਗੂਲਰ ਕਰਨ ਦੇ ਰੌਂਅ ਵਿੱਚ ਨਹੀਂ ਹੈ।

ਸਾਰਾ ਦਿਨ ਚੱਲਿਆ ਗੁਲਦਸਤਿਆਂ ਦਾ ਦੌਰ
ਅੱਜ ਨਵੇਂ ਮੰਤਰੀਆਂ ਵੱਲੋਂ ਆਪੋ-ਆਪਣੇ ਵਿਭਾਗਾਂ ਦੇ ਚਾਰਜ ਸੰਭਾਲਣ ਵੇਲੇ ਸਾਰਾ ਦਿਨ ਗੁਲਦਸਤਿਆਂ ਦਾ ਆਦਾਨ-ਪ੍ਰਦਾਨ ਹੁੰਦਾ ਰਿਹਾ। ਮੰਤਰੀਆਂ ਦੇ ਨਜ਼ਦੀਕੀ ਗੁਲਦਸਤੇ ਭੇਟ ਕਰਕੇ ਅਤੇ ਤਸਵੀਰਾਂ ਖਿਚਵਾ ਕੇ ਹਾਜ਼ਰੀ ਲੁਆ ਰਹੇ ਸਨ। ਇੱਕ ਪਾਸੇ ਨਵੇਂ ਮੰਤਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੋਡਿਆਂ ਨੂੰ ਹੱਥ ਲਾ ਕੇ ਅਸ਼ੀਰਵਾਦ ਲੈ ਰਹੇ ਸਨ ਅਤੇ ਦੂਜੇ ਪਾਸੇ ਮੰਤਰੀਆਂ ਦੇ ਚਹੇਤੇ ਉਨ੍ਹਾਂ ਦੇ ਗੋਡੇ ਹੱਥ ਲਾ ਕੇ ਅਤੇ ਮੂੰਹ ਮਿੱਠਾ ਕਰਵਾਕੇ ਆਪਣੀਆਂ ਪੱਕੀਆਂ ਹਾਜ਼ਰੀਆਂ ਲਵਾ ਰਹੇ ਸਨ।