ਚੰਡੀਗੜ੍ਹ, 29 ਜੁਲਾਈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਖ ਆਪਣੇ ਧਾਰਮਿਕ ਮਾਮਲਿਆਂ ਵਿਚ ਦਖਲਅੰਦਾਜ਼ੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਅਤੇ ਖਾਲਸਾ ਪੰਥ ਇਸ ਦਾ ਮੂੰਹ ਤੋੜ ਜਵਾਬ ਦੇਵੇਗਾ। ਸ੍ਰੀ ਬਾਦਲ ਨੇ ਕਿਹਾ ਕਿ ਇਤਿਹਾਸ ਅਨੁਸਾਰ ਇਸ ਤੋਂ ਪਹਿਲਾਂ ਵੀ ਕਈ ਤਾਨਾਸ਼ਾਹਾਂ ਤੇ ਵਿਦੇਸ਼ੀ ਸ਼ਾਸਕਾਂ ਨੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਦੇਣ ਦੇ ਯਤਨ ਕੀਤੇ ਸਨ ਜਿਨ੍ਹਾਂ ਨੂੰ ਮੂੰਹ ਦੀ ਖਾਣੀ ਪਈ ਸੀ। ਬਾਦਲ ਨੇ ਦੋਸ਼ ਲਾਇਆ ਕਿ ਗੁਰਬਾਣੀ ਪ੍ਰਸਾਰਣ ਦੇ ਮਾਮਲੇ ’ਤੇ ਖਾਲਸਾ ਪੰਥ ਨੂੰ ਧਮਕਾਉਣ ਵਿਚ ਅਸਫਲ ਰਹਿਣ ਮਗਰੋਂ ਭਗਵੰਤ ਮਾਨ ਹੁਣ ਸ਼੍ਰੋਮਣੀ ਕਮੇਟੀ ਤੇ ਇਸ ਦੇ ਸੇਵਾਦਾਰਾਂ ਤੇ ਮੁਲਾਜ਼ਮਾਂ ਵੱਲੋਂ ਇਕ ਸਦੀ ਤੋਂ ਕੀਤੀ ਜਾ ਰਹੀ ਸੇਵਾ ਵਿਚ ਵਿਘਨ ਪਾਉਣ ਲਈ ਘਟੀਆ ਹੱਥਕੰਡੇ ਅਪਣਾ ਰਹੇ ਹਨ। ਇਸ ਵਰਤਾਰੇ ਖ਼ਿਲਾਫ਼ ਅਕਾਲੀ ਦਲ ਸੋਮਵਾਰ ਤੋਂ ਸੂਬੇ ’ਚ ਪ੍ਰਦਰਸ਼ਨ ਸ਼ੁਰੂ ਕਰੇਗਾ ਤੇ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਮੁੱਖ ਮੰਤਰੀ ਦੇ ਪੁਤਲੇ ਸਾੜ ਕੇ ਵਿਰੋਧ ਕੀਤਾ ਜਾਵੇਗਾ। ਸ਼ਨਿਚਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਰਾਜਪਾਲ ਨੂੰ ਮਿਲੇਗਾ।