ਨਵੀਂ ਦਿੱਲੀ, 5 ਸਤੰਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸz ਮਨਜਿੰਦਰ ਸਿੰਘ ਸਿਰਸਾ ਨੇ ਪਾਕਿਸਤਾਨ ਦੇ  ਪ੍ਰਧਾਨ ਮੰਤਰੀ ਸ੍ਰੀ ਇਮਰਾਨ ਖਾਨ ਨੂੰ ਅਪੀਲ ਕੀਤੀ ਹੈ ਕਿ ਸਿੰਧ ਤੋਂ ਅਗਵਾ ਕੀਤੀ ਗਈ 16 ਸਾਲਾ ਲੜਕੀ ਨੂੰ ਵਾਪਸ ਉਸਦੇ ਮਾਪਿਆਂ ਸਪੁਰਦ ਕਰਨ ਲਈ  ਕਾਰਵਾਈ ਵਾਸਤੇ ਲੋੜੀਂਦੇ ਹੁਕਮ ਤੁਰੰਤ ਦਿੱਤੇ ਜਾਣ।

                ਇਥੇ ਜਾਰੀ ਕੀਤੇ ਇਕ ਵੀਡੀਓ ਸੰਦੇਸ਼ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ 16 ਸਾਲਾ ਦੀ ਲੜਕੀ ਪਾਇਲ ਠਾਕੁਰ ਨੂੰ ਜੁੰਮੇ ਵਾਲੇ ਦਿਨ 30 ਅਗਸਤ ਨੂੰ ਅਗਵਾ ਕੀਤਾ ਗਿਆ ਤੇ ਹੁਣ ਤੱਕ ਲੜਕੀ ਦਾ ਕੋਈ ਥਹੁ ਪਤਾ ਨਹੀਂ ਲੱਗ ਰਿਹਾ । ਉਹਨਾਂ ਕਿਹਾ ਕਿ ਇਸ ਨਾਬਾਲਗ ਲੜਕੀ ਦੇ ਮਾਪੇ ਚੀਖ ਚੀਖ ਕੇ ਪਾਕਿਸਤਾਨ ਸਰਕਾਰ ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਆਖ ਰਹੇ ਹਨ ਕਿ ਉਹਨਾਂ ਦੀ ਬੱਚੀ ਵਾਪਸ ਕੀਤੀ ਜਾਵੇ। ਉਹਨਾਂ ਕਿਹਾ ਕਿ ਜੁਲਮ ਇੰਨਾ ਜ਼ਿਆਦਾ ਵੱਧ ਗਿਆ ਹੈ ਕਿ ਇਸ ਬਾਰੇ ਪੁਲਿਸ ਰਿਪੋਰਟ ਦਰਜ ਕਰਨ ਨੂੰ ਵੀ ਤਿਆਰ ਨਹੀਂ ਸੀ ਪਰ ਜਦੋਂ ਅਸੀਂ ਇਹ ਮਾਮਲਾ ਕੌਮਾਂਤਰੀ ਪੱਧਰ ‘ਤੇ ਉਠਾਇਆ ਤਾਂ ਕੱਲ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਹੈ। ਉਹਨਾਂ ਕਿਹਾ ਕਿ ਇਹ ਚੀਖਾਂ ਕੋਈ ਇਕ ਮਾਪਿਆਂ ਦੀਆਂ ਨਹੀਂ ਹਨ ਬਲਕਿ ਹਜ਼ਾਰਾਂ ਮਾਪਿਆਂ ਦੀਆਂ ਹਨ।

                ਉਹਨਾਂ ਕਿਹਾ ਕਿ ਪਾਕਿਸਤਾਨ ਵਿਚ ਘੱਟ ਗਿਣਤੀਆਂ ਹਿੰਦੁ ਅਤੇ ਸਿੱਖ ਦੀਆਂ ਜੋ ਬੱਚੀਆਂ ਹਨ ੳਹਨਾਂ ਦੇ ਨਾਲ  ਜੁਲਮ ਹੋ ਰਿਹਾ ਹੈ, ਉਸਦੀ ਹੱਦ ਹੋ ਚੁੱਕੀ ਹੈ। ਉਹਨਾਂ ਲਗਾਤਰਾ ਪਿਛਲੇ ਕਈ ਦਿਨਾਂ ਤੋਂ ਇਹ ਮੁੱਦਾ ਉਠਾਇਆ ਅਤੇ ਹੁਣ ਤੱਕ 43 ਲੜਕੀਆਂ ਦਾ ਮਾਮਲਾ ਉਹਂ ਉਠਾ ਚੁੱਕੇ ਹਨ। ਉਹਨਾਂ ਕਿਹਾ ਕਿ ਦੋ ਤਾਜ਼ਾ ਮਾਮਲਾ ਦੋ ਲੜਕੀਆਂ ਦੇ ਉਠਾਏ ਸਨ ਜਿਸ ਵਿਚ ਇਕ ਰੇਨੂ ਕੁਮਾਰੀ ਆਪਣੇ ਮਾਪਿਆਂ ਕੋਲ ਪਰਤ ਆਈ ਹੈ ਜਦਕਿ ਦੂਜਾ ਮਾਮਲਾ ਪਾਇਲ ਠਾਕੁਰ ਦਾ ਹੈ।

ਸ੍ਰੀ ਸਿਰਸਾ ਨੇ ਕਿਹਾ ਕਿ ਪਿਛਲੇ ਦਿਨੀਂ ਇੰਗਲੈਂਡ ਦੀ ਬਰਮਿੰਘਮ ਯੂਨੀਵਰਸਿਟੀ ਦੀ ‘ਸਿੰਧ, ਪਾਕਿਸਤਾਨ ਵਿਚ ਜਬਰੀ ਧਰਮ ਪਰਿਵਰਤਨ ਅਤੇ ਜਬਰੀ ਵਿਆਹ’ ਨਾਮ ਦੀ ਰਿਪੋਰਟ ਆਈ ਜਿਸ ਵਿਚ ਦੱਸਿਆ ਗਿਆ ਹੈ ਕਿ ਪਾਕਿਸਤਾਨ ਵਿਚ  ਹਰ ਸਾਲ ਘੱਟ ਗਿਣਤੀਆਂ ਦੀਆਂ 1000 ਲੜਕੀਆਂ ਨੁੂੰ ਅਗਵਾ ਕੀਤਾ ਜਾਂਦਾ, ਧਰਮ ਪਰਿਵਰਤਨ ਅਤੇ ਫਿਰ ਅਗਵਾਕਾਰਾਂ ਨਾਲ ਉਹਨਾਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ।  ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਘੱਟ ਗਿਣਤੀਆਂ ਦੀਆਂ ਔਸਤਨ 20 ਤੋਂ 25  ਲੜਕੀਆਂ ਹਰ ਮਹੀਨੇ ਅਗਵਾ ਕੀਤੀਆਂ ਜਾਂਦੀਆਂ ਹਨ ਅਤੇ ਇਹ ਇਕ ਗੰਭੀਰ ਸਮੱਸਿਆ ਬਣੀ ਹੋਈ ਹੈ ਕਿਉਂਕਿ ਪੁਲਿਸ ਇਹਨਾਂ ਘਟਨਾਵਾਂ ਮੂਕ ਦਰਸ਼ਕ ਬਣ ਜਾਂਦੀ ਹੈ। ਉਹਨਾਂ ਕਿਹਾ ਕਿ 1947 ਵੇਲੇ ਤਕਰੀਬਨ ਢਾਈ ਲੱਖ ਸਿੱਖ ਪਾਕਿਸਤਾਨ ਵਿਚ ਸਨ ਜੋ ਹੁਣ ਕੁਝ ਹਜ਼ਾਰ ਰਹਿ ਗਏ ਹਨ, ਇਹ ਸਿੱਖ ਕਿਥ ਚਲੇ ਗਏ,  ਇਹ ਚਿੰਤਾ ਦਾ ਵਿਸ਼ਾ ਹੈ।

                ਉਹਨਾਂ ਨੇ ਸ੍ਰੀ  ਇਮਰਾਨ ਖਾਨ ਨੂੰ ਅਪੀਲ ਕੀਤੀ ਕਿ ਪਾਇਲ ਠਾਕੁਰ ਦੇ ਮਾਪਿਆਂ ਦੀ ਪੁਕਾਰ ਸੁਣੀ ਜਾਵੇ ਅਤੇ ਬੱਚੀ ਵਾਪਸ ਮਾਪਿਆਂ ਕੋਲ ਪਹੁੰਚਾਈ ਜਾਵੇ।