ਜਕਾਰਤਾ, 16 ਜਨਵਰੀ
ਵਿਸ਼ਵ ਚੈਂਪੀਅਨ ਪੀ.ਵੀ. ਸਿੰਧੂ ਅੱਜ ਇੱਥੇ ਜਪਾਨ ਦੀ ਅਯਾ ਓਹੋਰੀ ’ਤੇ ਸੰਘਰਸ਼ਪੂਰਨ ਜਿੱਤ ਤੋਂ ਬਾਅਦ ਇੰਡੋਨੇਸ਼ੀਆ ਮਾਸਟਰਜ਼ 500 ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਪਹੁੰਚ ਗਈ ਜਦੋਂਕਿ ਪਿਛਲੀ ਚੈਂਪੀਅਨ ਸਾਇਨਾ ਨੇਹਵਾਲ ਪਹਿਲੇ ਗੇੜ ’ਚ ਉਲਟਫੇਰ ਦਾ ਸ਼ਿਕਾਰ ਹੋ ਕੇ ਬਾਹਰ ਹੋ ਗਈ। ਪੁਰਸ਼ਾਂ ਦੇ ਸਿੰਗਲਜ਼ ਵਰਗ ’ਚ ਵਿਸ਼ਵ ਚੈਂਪੀਅਨਸ਼ਿਪ ਦਾ ਕਾਂਸੀ ਤਗ਼ਮਾ ਜੇਤੂ ਬੀ ਸਾਈ ਪ੍ਰਣੀਤ, ਕਿਦਾਂਬੀ ਸ੍ਰੀਕਾਂਤ ਅਤੇ ਸੌਰਭ ਵਰਮਾ ਦੀ ਚੁਣੌਤੀ ਵੀ ਸਮਾਪਤ ਹੋ ਗਈ।
ਪੰਜਵਾਂ ਦਰਜਾ ਪ੍ਰਾਪਤ ਸਿੰਧੂ ਨੇ ਇਕ ਗੇਮ ’ਚ ਪਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਓਹੋਰੀ ’ਤੇ 14-21, 21-15, 21-11 ਨਾਲ ਜਿੱਤ ਦਰਜ ਕੀਤੀ। ਸਿੰਧੂ ਨੂੰ ਦੁਨੀਆਂ ਦੀ 20ਵੇਂ ਨੰਬਰ ਦੀ ਜਪਾਨੀ ਖਿਡਾਰਨ ਤੋਂ ਹੁਣ ਤੱਕ ਹੋਏ 10 ਮੈਚਾਂ ’ਚ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ। ਓਹੋਰੀ ਪਿਛਲੇ ਹਫ਼ਤੇ ਵੀ ਮਲੇਸ਼ੀਆ ਮਾਸਟਰਜ਼ ਦੇ ਦੂਜੇ ਗੇੜ ’ਚ ਇਸ ਭਾਰਤੀ ਖਿਡਾਰਨ ਤੋਂ ਹਾਰ ਗਈ ਸੀ। ਹੁਣ 24 ਸਾਲਾਂ ਦੀ ਭਾਰਤੀ ਖਿਡਾਰਨ ਦਾ ਸਾਹਮਣਾ ਦੂਜੇ ਗੇੜ ’ਚ ਜਪਾਨ ਦੀ ਸਯਾਕਾ ਤਾਕਾਹਾਸ਼ੀ ਨਾਲ ਹੋਵੇਗਾ ਜਿਸ ਨੇ ਸਾਇਨਾ ਨੂੰ ਮਾਤ ਦਿੱਤੀ।
ਪਿਛਲੇ ਸਾਲ ਇਸ ਟੂਰਨਾਮੈਂਟ ਨੂੰ ਆਪਣੇ ਨਾਮ ਕਰਨ ਵਾਲੀ ਭਾਰਤੀ ਖਿਡਾਰਨ ਸਾਇਨਾ ਨੇਹਵਾਲ ਦਾ ਖ਼ਰਾਬ ਦੌਰ ਚੱਲ ਰਿਹਾ ਹੈ। ਉਸ ਨੂੰ 50 ਮਿੰਟਾਂ ਤੱਕ ਚੱਲੇ ਮੁਕਾਬਲੇ ’ਚ ਤਾਕਾਸ਼ਾਹੀ ਤੋਂ 19-21, 13-21, 5-21 ਤੋਂ ਹਾਰ ਦਾ ਮੂੰਹ ਦੇਖਣਾ ਪਿਆ। ਲੰਡਨ ਓਲੰਪਿਕ ਵਿੱਚ ਕਾਂਸੀ ਤਗ਼ਮਾ ਜਿੱਤਣ ਵਾਲੀ ਸਾਇਨਾ ਪਿਛਲੇ ਹਫ਼ਤੇ ਮਲੇਸ਼ੀਆ ਮਾਸਟਰਜ਼ ਦੇ ਕੁਆਰਟਰ ਫਾਈਨਲ ’ਚ ਪਹੁੰਚੀ ਸੀ। ਪੁਰਸ਼ਾਂ ਦੇ ਸਿੰਗਲਜ਼ ਵਰਗ ’ਚ ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਗ਼ਮਾ ਜੇਤੂ ਬੀ ਸਾਈ ਪ੍ਰਣੀਤ, ਕਿਦਾਂਬੀ ਸ੍ਰੀਕਾਂਤ ਅਤੇ ਸੌਰਭ ਵਰਮਾ ਦੀ ਚੁਣੌਤੀ ਸਮਾਪਤ ਹੋ ਗਈ। ਦੁਨੀਆਂ ਦੇ 12ਵੇਂ ਨੰਬਰ ਦੇ ਖਿਡਾਰੀ ਸ੍ਰੀਕਾਂਤ ਨੂੰ ਇਕ ਘੰਟਾ ਤਿੰਨ ਮਿੰਟ ਤੱਕ ਚੱਲੇ ਮੁਕਾਬਲੇ ’ਚ ਸਥਾਨਕ ਮਜ਼ਬੂਤ ਦਾਅਵੇਦਾਰ ਸ਼ੇਸਰ ਰੂਸਤਾਵਿਤੋ ਤੋਂ 21-18, 12-21, 14-21 ਨਾਲ ਹਾਰ ਦਾ ਮੂੰਹ ਦੇਖਣਾ ਪਿਆ। ਇਹ ਇਸ ਸੈਸ਼ਨ ਵਿੱਚ ਸ੍ਰੀਕਾਂਤ ਦੀ ਸ਼ੁਰੂਆਤੀ ਗੇੜ ’ਚ ਲਗਾਤਾਰ ਦੂਜੀ ਹਾਰ ਹੈ। ਉਹ ਪਿਛਲੇ ਹਫ਼ਤੇ ਮਲੇਸ਼ੀਆ ਮਾਸਟਰਜ਼ ਦੇ ਪਹਿਲੇ ਗੇੜ ’ਚ ਵੀ ਬਾਹਰ ਹੋ ਗਿਆ ਸੀ।
ਪ੍ਰਣੀਤ ਵੀ ਸ੍ਰੀਕਾਂਤ ਵਾਂਗ ਮਲੇਸ਼ੀਆ ਮਾਸਟਰਜ਼ ਦੇ ਸ਼ੁਰੂਆਤੀ ਗੇੜ ’ਚੋਂ ਬਾਹਰ ਹੋ ਗਿਆ ਸੀ। ਉਸ ਨੂੰ ਅੱਠਵਾਂ ਦਰਜਾ ਪ੍ਰਾਪਤ ਚੀਨ ਦੀ ਸ਼ੀ ਯੂ ਕੀ ਤੋਂ 21-16, 18-21, 10-21 ਨਾਲ ਹਾਰ ਮਿਲੀ ਜਦੋਂਕਿ ਸੌਰਭ ਨੂੰ ਚੀਨ ਦੇ ਲੂ ਗੁਆਂਗ ਜ਼ੂ ਤੋਂ 21-17, 15-21, 10-21 ਨਾਲ ਹਾਰ ਮਿਲੀ। ਮਿਕਸਡ ਡਬਲਜ਼ ’ਚ ਪ੍ਰਣਵ ਜੈਰੀ ਚੋਪੜਾ ਤੇ ਸਿੱਕੀ ਰੈੱਡੀ ਨੂੰ ਈਓਮ ਹਯੇ ਵਾਨ ਅਤੇ ਕੋ ਸੁੰਗ ਹਯੂਨ ਦੀ ਦੱਖਣੀ ਕੋਰਿਆਈ ਜੋੜ ਤੋਂ 8-21, 14-21 ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।