ਸਿੰਗਾਪੁਰ, 12 ਅਪਰੈਲ
ਓਲੰਪਿਕ ਤਗਮਾ ਜੇਤੂ ਪੀਵੀ ਸਿੰਧੂ ਨੇ ਆਸਾਨੀ ਨਾਲ ਜਦ ਕਿ ਸਾਇਨਾ ਨੇਹਵਾਲ ਨੇ ਚੁਣੌਤੀਪੁਰਣ ਜਿੱਤ ਤੋਂ ਬਾਅਦ ਵੀਰਵਾਰ ਨੂੰ ਇਥੇ 35,55,000 ਡਾਲਰ ਰਾਸ਼ੀ ਦੇ ਸਿੰਗਾਪੁਰ ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਮਹਿਲਾ ਸਿੰਗਲਜ਼ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਓਲੰਪਿਕ ਚਾਂਦੀ ਦਾ ਤਗਮਾ ਜੇਤੂ ਪੀਵੀ ਸਿੰਧੂ ਨੇ ਡੈਨਮਾਰਕ ਦੀ ਮੀਆ ਬਲਿਚਫਿਲਟ ’ਤੇ ਸਿੱਧੇ ਗੇਮ ਵਿੱਚ ਜਿੱਤ ਦਰਜ ਕਰਕੇ ਵੀਰਵਾਰ ਨੂੰ ਇਥੇ ਸਿੰਗਾਪੁਰ ਓਪਨ ਬੈਡਮਿੰਅਨ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਚੌਥਾ ਦਰਜਾ ਪ੍ਰਾਪਤ ਸਿੰਧੂ ਨੇ ਵਿਸ਼ਵ ਵਿੱਚ 22ਵੇਂ ਨੰਬਰ ਦੀ ਮੀਆ ਨੂੰ 39 ਮਿੰਟ ਵਿੱਚ 21-13, 21-19 ਨਾਲ ਹਰਾਇਆ। ਇਹ ਡੈਨਮਾਰਕ ਦੀ ਖਿਡਾਰਨ ਖ਼ਿਲਾਫ਼ ਉਸ ਦੀ ਦੁੂਜੀ ਜਿੱਤ ਹੈ। ਵਿਸ਼ਵ ਦੀ ਛੇਵੇਂ ਨੰਬਰ ਦੀ ਸਿੰਧੂ ਦਾ ਅਗਲਾ ਮੁਕਾਬਲਾ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦੇ ਕਾਂਸੇ ਦੇ ਤਗਮਾ ਜੇਤੂ ਚੀਨੀ ਖਿਡਾਰੀ ਕਾਈ ਯਾਨਯਾਨ ਨਾਲ ਹੋਵੇਗਾ। ਸਿੰਧੂ ਨੇ ਪਹਿਲੇ ਗੇਮ ਦੇ ਸ਼ੁਰੂ ਵਿੱਚ 3-0 ਨਾਲ ਬੜਤ ਬਣਾ ਕੇ ਆਖ਼ਰ ਤਕ ਇਸ ਨੂੰ ਬਰਕਰਾਰ ਰੱਖਿਆ ਲੇਕਿਨ ਦੂਜੇ ਗੇਮ ਵਿੱਚ ਸਕੋਰ ਇਕ ਸਮੇਂ 8-8 ਨਾਲ ਬਰਾਬਰੀ ’ਤੇ ਸੀ ਜਦ ਕਿ ਇਸ ਦੇ ਬਾਅਦ ਭਾਰਤੀ ਖਿਡਾਰੀ ਇਕ ਸਮੇਂ 11-15 ਤੋਂ ਪਿੱਛੇ ਵੀ ਸੀ। ਪਿਛਲੇ ਮਹੀਨੇ ਇੰਡੀਆ ਓਪਨ ਵਿੱਚ ਸੈਮੀਫਾਈਨਲ ਵਿੱਚ ਪਹੁੰਚਣ ਵਾਲੀ ਸਿੰਧੂ ਨੇ ਹਾਲਾਂਕਿ ਵਾਪਸੀ ਕਰਕੇ ਸਕੋਰ 17-17 ਕੀਤਾ ਅਤੇ ਫਿਰ ਮੈਚ ਆਪਣੇ ਨਾਂ ਕਰਨ ਵਿੱਚ ਦੇਰ ਨਹੀਂ ਲਗਾਈ।
ਛੇਵੀਂ ਦਰਜਾ ਪ੍ਰਾਪਤ ਸਾਇਨਾ ਨੂੰ ਹਾਲਾਂਕਿ ਕੜੀ ਮੁਸ਼ੱਕਤ ਕਰਨੀ ਪਈ, ਉਹ ਮਲੇਸ਼ੀਆਈ ਓਪਨ ਦੇ ਪਹਿਲੇ ਦੌਰ ਵਿੱਚ ਪੋਨਰਪਾਵੀ ਚੋਚੁਵੌਂਗ ਤੋਂ ਪਹਿਲੇ ਦੌਰ ਵਿੱਚ ਮਿਲੀ ਹਾਰ ਦਾ ਬਦਲਾ ਚੁਕਾਉਣ ਵਿੱਚ ਸਫਲ ਰਹੀ। ਉਨ੍ਹਾਂ ਥਾਈਲੈਂਡ ਦੀ ਇਸ ਸ਼ਟਲਰ ’ਤੇ ਦੂਜੇ ਦੌਰ ਵਿੱਚ 21-16, 18-21, 21-19 ਦੀ ਰੋਮਾਂਚਕ ਜਿੱਤ ਦਰਜ ਕੀਤੀ। ਲੰਦਨ ਓਲੰਪਿਕ ਦੀ ਕਾਂਸੇ ਦਾ ਤਗਮਾ ਜੇਤੂ ਹੁਣ ਹਗਲੇ ਦੌਰ ਵਿੱਚ ਦੂਜਾ ਦਰਜਾ ਪ੍ਰਾਪਤ ਜਾਪਾਨ ਦੀ ਨੋਜੋਮੀ ਓਕੁਹਾਰਾ ਨਾਲ ਭਿੜੇਗੀ। ਸਾਇਨਾ ਜਿਥੇ ਚੋਚੁਵੌਂਗ ਨੂੰ ਹਰਾਉਣ ਵਿੱਚ ਕਾਮਯਾਬ ਰਹੀ, ਉਥੇ ਉਸ ਦੇ ਪਤੀ ਅਤੇ ਸਾਥੀ ਖਿਡਾਰੀ ਪਾਰੂਪੱਲੀ ਕਸ਼ਿਅਪ ਮੌਜੂਦਾ ਓਲੰਪਿਕ ਚੈਂਪੀਅਨ ਚੀਨ ਦੇ ਚੇਨ ਲੌਂਗ ਨਾਲ ਸਖ਼ਤ ਮੁਕਾਬਲੇ ਤੋਂ ਬਾਅਦ ਹਾਰ ਗਏ। ਸਾਲ 2014 ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਕਸ਼ਿਅਪ ਮੈਚ ਨੂੰ ਤਿੰਨ ਗੇਮ ਤਕ ਪਹੁੰਚਾਉਣ ਵਿੱਚ ਤਾਂ ਸਫ਼ਲ ਰਹੇ ਪਰ ਚੌਥੀ ਦਰਜਾ ਪ੍ਰਾਪਤ ਚੀਨੀ ਖਿਡਾਰੀ ਤੋਂ 9-21, 21-15, 16-21 ਤੋਂ ਹਾਰ ਗਏ।
ਸਮੀਰ ਵਰਮਾ ਨੇ ਹਾਲਾਂਕਿ ਸ਼ਾਨਦਾਰ ਲੈਅ ਜਾਰੀ ਰੱਖਦੇ ਹੋਏ ਚੀਨ ਦੇ ਲੂ ਗੁਆਂਗਜੂ ਨੂੰ 21-15, 21-18 ਨਾਲ ਹਰਾਇਆ ਅਤੇ ਹੁਣ ਉਹ ਦੁੂਜੇ ਦਰਜਾ ਚੀਨੀ ਤਾਈਪੇ ਕੇ ਚੋਊ ਟਿਏਨ ਚੇਨ ਅਤੇ ਡੈਨਮਾਰਕ ਦੇ ਜਾਨ ਓ ਜਾਰਗੇਨਸਨ ਵਿੱਚ ਹੋਣ ਵਾਲੇ ਮੁਕਾਬਲੇ ਦੇ ਜੇਤੂ ਦੇ ਸਾਹਮਣੇ ਹੋਣਗੇ।