ਨਵੀਂ ਦਿੱਲੀ— ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਭਾਰਤ ਦੀ ਪੀ.ਵੀ. ਸਿੰਧੂ ਦੇ ਲਈ ਵੀਰਵਾਰ ਦਾ ਦਿਨ ਰਲੀ-ਮਿਲੀ ਸਫਲਤਾ ਵਾਲਾ ਰਿਹਾ। ਇਕ ਪਾਸੇ ਉਹ ਤਾਜ਼ਾ ਵਿਸ਼ਵ ਬੈਡਮਿੰਟਨ ਰੈਂਕਿੰਗ ‘ਚ 2 ਸਥਾਨ ਦੇ ਸੁਧਾਰ ਦੇ ਨਾਲ ਦੂਜੇ ਨੰਬਰ ‘ਤੇ ਪਹੁੰਚ ਗਈ ਪਰ ਦੂਜੇ ਪਾਸੇ ਜਾਪਾਨ ਓਪਨ ਟੂਰਨਾਮੈਂਟ ‘ਚ ਉਹ ਦੂਜੇ ਰਾਊਂਡ ‘ਚ ਹਾਰ ਕੇ ਬਾਹਰ ਹੋ ਗਈ। ਸਿੰਧੂ ਨੂੰ ਪਿਛਲੇ ਐਤਵਾਰ ਨੂੰ ਕੋਰੀਆ ਓਪਨ ‘ਚ ਖਿਤਾਬੀ ਜਿੱਤ ਦੀ ਬਦੌਲਤ ਦੋ ਸਥਾਨ ਦਾ ਫਾਇਦਾ ਮਿਲਿਆ ਅਤੇ ਉਨ੍ਹਾਂ ਨੇ ਆਪਣੇ ਸਰਵਸ਼੍ਰੇਸ਼ਠ ਦੂਜੇ ਸਥਾਨ ਦੀ ਬਰਾਬਰੀ ਕਰ ਲਈ ਹੈ। ਸਿੰਧੂ ਇਸ ਸਾਲ ਅਪ੍ਰੈਲ ‘ਚ ਵੀ ਦੂਜੀ ਰੈਂਕਿੰਗ ‘ਤੇ ਪਹੁੰਚੀ ਸੀ। ਸਿੰਧੂ ਦੂਜੇ ਸਥਾਨ ‘ਤੇ ਤਾਂ ਪਹੁੰਚ ਗਈ ਹੈ ਪਰ ਜਾਪਾਨ ਓਪਨ ‘ਚ ਗੈਰ ਦਰਜਾ ਪ੍ਰਾਪਤ ਜਾਪਾਨ ਦੀ ਨੋਜੋਮੀ ਓਕੂਹਾਰਾ ਤੋਂ ਦੂਜੇ ਰਾਊਂਡ ‘ਚ ਹਾਰਨ ਦੇ ਕਾਰਨ ਅਗਲੇ ਹਫਤੇ ਉਨ੍ਹਾਂ ਦੀ ਰੈਂਕਿੰਗ ‘ਚ ਗਿਰਾਵਟ ਆ ਸਕਦੀ ਹੈ। ਤਾਈਪੇ ਦੀ ਤੇਈ ਜੂ ਯਿੰਗ ਦਾ ਚੋਟੀ ਦਾ ਸਥਾਨ ਬਣਿਆ ਹੋਇਆ ਹੈ। ਓਕੂਹਾਰਾ ਨੇ ਆਪਣੀ ਰੈਂਕਿੰਗ ‘ਚ ਇਕ ਸਥਾਨ ਦਾ ਸੁਧਾਰ ਕੀਤਾ ਹੈ ਅਤੇ ਉਹ ਅਠਵੇਂ ਸਥਾਨ ‘ਤੇ ਪਹੁੰਚ ਗਈ ਹੈ। ਭਾਰਤ ਦੀ ਸਾਇਨਾ ਨੇਹਵਾਲ ਦਾ 12 ਸਥਾਨ ਬਣਿਆ ਹੋਇਆ ਹੈ।
ਪੁਰਸ਼ ਰੈਂਕਿੰਗ ‘ਚ ਕਿਦਾਂਬੀ ਸ਼੍ਰੀਕਾਂਤ ਅੱਠਵੇਂ ਨੰਬਰ ‘ਤੇ ਬਰਕਰਾਰ ਹੈ ਜਦਕਿ ਬੀ. ਸਾਈ ਪ੍ਰਣੀਤ ਇਕ ਸਥਾਨ ਦੇ ਨੁਕਸਾਨ ਦੇ ਨਾਲ 17ਵੇਂ ਨੰਬਰ ‘ਤੇ ਖਿਸਕ ਗਏ ਹਨ। ਐੱਚ.ਐਸ. ਪ੍ਰਣਯ ਅਤੇ ਅਜੇ ਜੈਰਾਮ ਨੂੰ ਕ੍ਰਮਵਾਰ ਇਕ ਅਤੇ ਤਿੰਨ ਸਥਾਨਾਂ ਦਾ ਨੁਕਸਾਨ ਹੋਇਆ ਹੈ। ਪ੍ਰਣਯ ਹੁਣ 19ਵੇਂ ਅਤੇ ਜੈਰਾਮ 20ਵੇਂ ਨੰਬਰ ‘ਤੇ ਹਨ। ਸਮੀਰ ਚਾਰ ਸਥਾਨਾਂ ਦੇ ਸੁਧਾਰ ਦੇ ਨਾਲ 21ਵੇਂ ਨੰਬਰ ‘ਤੇ ਬਣੇ ਹੋਏ ਹਨ। ਪੁਰਸ਼ ਡਬਲਜ਼ ‘ਚ ਟਾਪ 25 ‘ਚ ਭਾਰਤ ਦੀ ਕੋਈ ਜੋੜੀ ਸ਼ਾਮਲ ਨਹੀਂ ਹੈ। ਪਰ ਮਹਿਲਾ ਡਬਲਜ਼ ‘ਚ ਪੋਨੱਪਾ ਅਤੇ ਐੱਨ. ਸਿੱਕੀ ਰੈਡੀ ਦੀ ਜੋੜੀ ਦੋ ਸਥਾਨ ਦੇ ਸੁਧਾਰ ਦੇ ਨਾਲ 23ਵੇਂ ਨੰਬਰ ‘ਤੇ ਆ ਗਈ ਹੈ। ਮਿਕਸਡ ਡਬਲਜ਼ ‘ਚ ਪ੍ਰਣਯ ਚੋਪੜਾ ਅਤੇ ਸਿੱਕੀ ਰੈਡੀ ਇਕ ਸਥਾਨ ਦੇ ਸੁਧਾਰ ਦੇ ਨਾਲ 19ਵੇਂ ਸਥਾਨ ‘ਤੇ ਪਹੁੰਚ ਗਏ ਹਨ।