ਬੈਂਕਾਕ, 31 ਜੁਲਾਈ
ਭਾਰਤ ਦੀ ਸੀਨੀਅਰ ਸ਼ਟਲਰ ਪੀਵੀ ਸਿੰਧੂ ਥਾਈਲੈਂਡ ਓਪਨ ਬੈਡਮਿੰਟਨ ਤੋਂ ਹਟ ਗਈ ਹੈ, ਪਰ ਲਗਾਤਾਰ ਦੋ ਟੂਰਨਾਮੈਂਟ ਵਿੱਚੋਂ ਬਾਹਰ ਰਹੀ ਉਸ ਦੀ ਹਮਵਤਨ ਸਾਇਨਾ ਨੇਹਵਾਲ ਇਸ ਬੀਡਬਲਯੂਐੱਫ ਸੁਪਰ 500 ਟੂਰਨਾਮੈਂਟ ਦੇ ਨਾਲ ਸਰਕਟ ’ਤੇ ਵਾਪਸੀ ਕਰੇਗੀ।
ਦੂਜੇ ਪਾਸੇ ਭਾਰਤੀ ਬੈਡਮਿੰਟਨ ਖਿਡਾਰੀਆਂ ਸੌਰਭ ਵਰਮਾ ਅਤੇ ਸਾਈ ਉਤੇਜਿਤਾ ਰਾਓ ਨੇ ਅੱਜ ਇੱਥੇ ਕੁਆਲੀਫਾਈਂਗ ਗੇੜ ਵਿੱਚ ਆਪਣੇ ਮੁਕਾਬਲੇ ਜਿੱਤ ਕੇ ਇਸ ਟੂਰਨਾਮੈਂਟ ਵਿੱਚ ਕ੍ਰਮਵਾਰ ਪੁਰਸ਼ ਅਤੇ ਮਹਿਲਾ ਸਿੰਗਲਜ਼ ਦੇ ਮੁੱਖ ਡਰਾਅ ਵਿੱਚ ਥਾਂ ਬਣਾਈ। ਇੰਡੋਨੇਸ਼ੀਆ ਓਪਨ ਦੀ ਫਾਈਨਲਿਸਟ ਸਿੰਧੂ ਨੂੰ ਬੀਤੇ ਹਫ਼ਤੇ ਜਾਪਾਨ ਓਪਨ ਦੇ ਕੁਆਰਟਰ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਹ ਹੁਣ ਬੁੱਧਵਾਰ ਤੋਂ ਸ਼ੁਰੂ ਹੋ ਰਹੇ ਥਾਈਲੈਂਡ ਓਪਨ ਦੇ ਮੁੱਖ ਡਰਾਅ ਵਿੱਚ ਨਹੀਂ ਖੇਡੇਗੀ। ਸਿੰਧੂ ਦੇ ਇਸ ਟੂਰਨਾਮੈਂਟ ਤੋਂ ਹਟਣ ਦੇ ਕਾਰਨਾਂ ਬਾਰੇ ਸਪਸ਼ਟ ਨਹੀਂ ਹੋ ਸਕਿਆ। ਸੱਤਵਾਂ ਦਰਜਾ ਪ੍ਰਾਪਤ ਸਾਇਨਾ ਆਪਣੀ ਮੁਹਿੰਮ ਦੀ ਸ਼ੁਰੂਆਤ ਬੁੱਧਵਾਰ ਨੂੰ ਮਹਿਲਾ ਸਿੰਗਲਜ਼ ਵਿੱਚ ਕੁਆਲੀਫਾਇਰ ਖ਼ਿਲਾਫ਼ ਕਰੇਗੀ। ਸਾਇਨਾ ਨੂੰ ਸਿਹਤ ਸਮੱਸਿਆਵਾਂ ਕਾਰਨ ਇੰਡੋਨੇਸ਼ੀਆ ਅਤੇ ਜਾਪਾਨ ਓਪਨ ਦੋਵਾਂ ਟੂਰਨਾਮੈਂਟਾਂ ਵਿੱਚੋਂ ਹਟਣਾ ਪਿਆ ਸੀ। ਸਾਇਨਾ ਤੋਂ ਇਲਾਵਾ ਪੁਰਸ਼ ਸਿੰਗਲਜ਼ ਵਿੱਚ ਬੀ ਸਾਈ ਪ੍ਰਣੀਤ, ਕਿਦਾਂਬੀ ਸ੍ਰੀਕਾਂਤ, ਐੱਚਐੱਸ ਪ੍ਰਣਯ ਅਤੇ ਪਾਰੂਪੱਲੀ ਕਸ਼ਿਅਪ ਵਰਗੇ ਭਾਰਤੀ ਖਿਡਾਰੀ ਵੀ ਇਸ ਬੀਡਬਲਯੂਐੱਫ ਵਿਸ਼ਵ ਟੂਰ ਸੁਪਰ 500 ਟੂਰਨਾਮੈਂਟ ਦੇ ਮੁੱਖ ਡਰਾਅ ਵਿੱਚ ਚੁਣੌਤੀ ਪੇਸ਼ ਕਰਨਗੇ।
ਦੂਜੇ ਪਾਸੇ ਸੌਰਭ ਨੇ ਪਹਿਲੇ ਗੇੜ ਵਿੱਚ ਥਾਈਲੈਂਡ ਦੇ ਕੰਤਾਵਤ ਲੀਲਾਵੇਚਾਬੁਤਰ ਨੂੰ 21-18, 21-19 ਨਾਲ ਹਰਾਉਣ ਮਗਰੋਂ ਕੁਆਲੀਫਾਈਂਗ ਦੇ ਦੂਜੇ ਗੇੜ ਵਿੱਚ ਚੀਨ ਦੇ ਝਾਓ ਝੀ ਕੀ ਨੂੰ ਸਖ਼ਤ ਮੁਕਾਬਲੇ ਵਿੱਚ 11-21, 21-14, 21-18 ਨਾਲ ਹਰਾ ਕੇ ਪੁਰਸ਼ ਸਿੰਗਲਜ਼ ਦੇ ਮੁੱਖ ਗੇੜ ਵਿੱਚ ਥਾਂ ਬਣਾਈ।
ਝਾਓ ਨੇ ਭਾਰਤ ਦੇ ਅਜੈ ਜੈਰਾਮ ਨੂੰ 21-16, 21-13 ਨਾਲ ਹਰਾ ਕੇ ਦੂਜੇ ਗੇੜ ਵਿੱਚ ਥਾਂ ਬਣਾਈ ਸੀ। ਉਤੇਜਿਤਾ ਰਾਓ ਕੈਨੇਡਾ ਦੀ ਟੈਮ ਬ੍ਰਿਟਨੀ ਖ਼ਿਲਾਫ਼ ਪਹਿਲਾ ਗੇਮ ਗੁਆਉਣ ਮਗਰੋਂ ਜ਼ੋਰਦਾਰ ਵਾਪਸੀ ਕਰਦਿਆਂ 16-21, 21-14, 21-19 ਨਾਲ ਜਿੱਤ ਦਰਜ ਕਰਕੇ ਮਹਿਲਾ ਸਿੰਗਲਜ਼ ਦੇ ਮੁੱਖ ਡਰਾਅ ਵਿੱਚ ਪੁੱਜੀ।