ਕੁਆਲਾਲੰਪੁਰ, 10 ਜਨਵਰੀ
ਮੌਜੂਦਾ ਵਿਸ਼ਵ ਚੈਂਪੀਅਨ ਪੀ.ਵੀ. ਸਿੰਧੂ ਤੇ ਸਾਇਨਾ ਨੇਹਵਾਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅੱਜ ਇੱਥੇ ਮਲੇਸ਼ੀਆ ਮਾਸਟਰਜ਼ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕੀਤਾ।
ਛੇਵਾਂ ਦਰਜਾ ਪ੍ਰਾਪਤ ਸਿੰਧੂ ਨੇ ਜਪਾਨ ਦੀ ਅਯਾ ਓਹੋਰੀ ’ਤੇ ਸਿਰਫ਼ 34 ਮਿੰਟਾਂ ਤੱਕ ਚੱਲੇ ਪ੍ਰੀ ਕੁਆਰਟਰ ਫਾਈਨਲ ਮੁਕਾਬਲੇ ’ਚ 21-10, 21-15 ਨਾਲ ਜਿੱਤ ਹਾਸਲ ਕੀਤੀ। ਇਹ ਓਹੋਰੀ ’ਤੇ ਸਿੰਧੂ ਦੀ ਲਗਾਤਾਰ ਨੌਵੀਂ ਜਿੱਤ ਹੈ। ਪਿਛਲੇ ਸਾਲ ਬਾਸੇਲ ’ਚ ਵਿਸ਼ਵ ਚੈਂਪੀਅਨਸ਼ਿਪ ਖ਼ਿਤਾਬ ਜਿੱਤਣ ਵਾਲੀ 24 ਸਾਲਾ ਸਿੰਧੂ ਹੁਣ ਕੁਆਰਟਰ ਫਾਈਨਲ ’ਚ ਦੁਨੀਆਂ ਦੀ ਨੰਬਰ ਇਕ ਚੀਨੀ ਤਾਇਪੈ ਦੀ ਖਿਡਾਰਨ ਤਾਈ ਜ਼ੂ ਯਿੰਗ ਤੇ ਸੱਤਵਾਂ ਦਰਜਾ ਪ੍ਰਾਪਤ ਦੱਖਣੀ ਕੋਰੀਆ ਦੀ ਸੁੰਗ ਜੀ ਹਯੂੰ ਵਿਚਾਲੇ ਹੋਣ ਵਾਲੇ ਮੁਕਾਬਲੇ ਦੀ ਜੇਤੂ ਨਾਲ ਭਿੜੇਗੀ। ਲੰਡਨ ਓਲੰਪਿਕ ਦੀ ਕਾਂਸੀ ਤਗ਼ਮਾ ਜੇਤੂ ਅਤੇ ਗੈਰ ਦਰਜਾ ਪ੍ਰਾਪਤ ਸਾਇਨਾ ਨੇ ਦੱਖਣੀ ਕੋਰੀਆ ਦੀ ਅਨ ਸੇ ਯੰਗ ਨੂੰ 39 ਮਿੰਟਾਂ ਤੱਕ ਚੱਲੇ ਰੋਮਾਂਚਕ ਮੁਕਾਬਲੇ ’ਚ 25-23, 21-12 ਨਾਲ ਹਰਾ ਕੇ ਆਖ਼ਰੀ ਅੱਠ ’ਚ ਜਗ੍ਹਾ ਬਣਾਈ। ਇਹ ਦੱਖਣੀ ਕੋਰਿਆਈ ਖਿਡਾਰਨ ’ਤੇ ਸਾਇਨਾ ਦੀ ਪਹਿਲੀ ਜਿੱਤ ਹੈ ਜਿਸ ਨੇ ਪਿਛਲੇ ਸਾਲ ਫਰੈਂਚ ਓਪਨ ਦੇ ਕੁਆਰਟਰ ਫਾਈਨਲ ’ਚ ਇਸ ਭਾਰਤੀ ਖਿਡਾਰਨ ਨੂੰ ਹਰਾਇਆ ਸੀ। ਦੋ ਵਾਰ ਦੀ ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਦਾ ਮੁਕਾਬਲਾ ਕੁਆਰਟਰ ਫਾਈਨਲ ’ਚ ਓਲੰਪਿਕ ਚੈਂਪੀਅਨ ਕੈਰੋਲੀਨਾ ਮਾਰਿਨ ਨਾਲ ਹੋਵੇਗਾ। ਪੁਰਸ਼ ਸਿੰਗਲਜ਼ ’ਚ ਸਮੀਰ ਵਰਮਾ ਦੂਜੇ ਗੇੜ ’ਚ ਹੀ ਬਾਹਰ ਹੋ ਗਿਆ। ਉਸ ਨੂੰ ਮਲੇਸ਼ੀਆ ਦੇ ਲੀ ਜ਼ੀ ਜੀਆ ਨੇ 21-19, 22-20 ਨਾਲ ਹਰਾਇਆ।
ਉੱਧਰ, ਪੁਰਸ਼ ਸਿੰਗਲਜ਼ ’ਚ ਭਾਰਤੀ ਚੁਣੌਤੀ ਸਮਾਪਤ ਹੋ ਗਈ, ਕਿਉਂਕ ਸਮੀਰ ਵਰਮਾ ਤੇ ਐੱਚ.ਐੱਸ. ਪ੍ਰਣਯ ਦੋਹਾਂ ਨੂੰ ਦੂਜੇ ਗੇੜ ਦੇ ਮੁਕਾਬਲੇ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਸਮੀਰ ਵਰਮਾ ਨੂੰ ਮਲੇਸ਼ੀਆ ਦੇ ਲੀ ਜ਼ੀ ਜੀਆ ਨੇ 21-19, 22-20 ਨਾਲ ਮਾਤ ਦਿੱਤੀ ਜਦੋਂਕਿ ਪ੍ਰਣਯ ਨੂੰ ਜਪਾਨ ਦੇ ਸਿਖ਼ਰਲਾ ਦਰਜਾ ਪ੍ਰਾਪਤ ਕੈਂਟੋ ਮੋਮੋਟਾ ਨੇ 21-14, 21-16 ਨਾਲ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕੀਤਾ।