ਬਾਲੀ:ਦੋ ਓਲੰਪਿਕ ਤਗ਼ਮੇ ਜੇਤੂ ਪੀਵੀ ਸਿੰਧੂ ਅਤੇ ਲੈਅ ਵਿੱਚ ਚੱਲ ਰਹੇ ਲਕਸ਼ੈ ਸੇਨ ਨੇ ਇੰਡੋਨੇਸ਼ੀਆ ਮਾਸ਼ਟਰਜ਼ ਸੁਪਰ 750 ਬੈਡਮਿੰਟਨ ਟੂਰਨਾਮੈਂਟ ਵਿੱਚ ਜਿੱਤ ਦਰਜ ਕਰਕੇ ਦੂਜੇ ਗੇੜ ਵਿੱਚ ਥਾਂ ਬਣਾ ਲਈ ਹੈ। ਸਿੰਧੂ ਨੇ ਥਾਈਲੈਂਡ ਦੀ ਸੁਪਾਨਿਦਾ ਕੇਟਥੌਂਗ ਨੂੰ ਮਹਿਲਾ ਸਿੰਗਲਜ਼ ਮੁਕਾਬਲੇ ਵਿੱਚ 43 ਮਿੰਟ ਵਿੱਚ 21-15, 21-19 ਨਾਲ ਹਰਾਇਆ। ਉਹ ਦੂਜੇ ਗੇੜ ਵਿੱਚ ਸਪੇਨ ਦੀ ਖਿਡਾਰਨ ਕਲਾਰਾ ਅਜ਼ੁਰਮੈਂਡੀ ਖ਼ਿਲਾਫ਼ ਖੇਡੇਗੀ। ਪੁਰਸ਼ ਸਿੰਗਲਜ਼ ਵਿੱਚ ਲਕਸ਼ੈ ਨੇ ਦੁਨੀਆ ਦੇ ਦਸਵੇਂ ਨੰਬਰ ਦੇ ਖਿਡਾਰੀ ਜਾਪਾਨ ਦੇ ਕੇਂਤਾ ਸੁਨੇਯਾਮਾ ’ਤੇ ਜਿੱਤ ਦਰਜ ਕੀਤੀ। ਅਲਮੋੜਾ ਦੇ 20 ਸਾਲਾ ਲਕਸ਼ੈ ਨੇ ਇੱਕ ਘੰਟਾ ਅੱਠ ਮਿੰਟ ਤੱਕ ਚੱਲੇ ਦਿਲਚਸਪ ਮੁਕਾਬਲੇ ਵਿੱਚ ਕੇਂਤਾ ਨੂੰ 21-17, 18-21, 21-17 ਨਾਲ ਹਰਾ ਕੇ ਉਲਟਫੇਰ ਕੀਤਾ। ਲਕਸ਼ੈ ਦਾ ਅਗਲਾ ਮੁਕਾਬਲਾ ਦੋ ਵਾਰ ਦੇ ਵਿਸ਼ਵ ਚੈਂਪੀਅਨ ਜਾਪਾਨ ਦੇ ਕੇਂਤੋ ਮੋਮੋਤਾ ਨਾਲ ਹੋਵੇਗਾ।