ਓਡੇਨਸੇ— ਭਾਰਤ ਦੀ ਸਟਾਰ ਸ਼ਟਲਰ ਪੀ.ਵੀ. ਸਿੰਧੂ ਡੈਨਮਾਰਕ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲ ਦੇ ਪਹਿਲੇ ਦੌਰ ‘ਚ ਮੰਗਲਵਾਰ ਨੂੰ ਇੱਥੇ ਅਮਰੀਕਾ ਦੀ ਬੀਵਨ ਝਾਂਗ ਤੋਂ ਹਾਰ ਕੇ ਬਾਹਰ ਹੋ ਗਈ। ਤੀਜਾ ਦਰਜਾ ਪ੍ਰਾਪਤ ਸਿੰਧੂ ਨੂੰ 56 ਮਿੰਟਾਂ ਤੱਕ ਮੈਚ ‘ਚ 17-21, 21-16, 18-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਇਹ ਲਗਾਤਾਰ ਤੀਜਾ ਮੌਕਾ ਹੈ ਜਦੋਂ ਸਿੰਧੂ ਨੂੰ ਝਾਂਗ ਤੋਂ ਹਾਰ ਝਲਣੀ ਪਈ। ਅਮਰੀਕੀ ਸ਼ਟਲਰ ਨੇ ਇਸ ਸਾਲ ਫਰਵਰੀ ‘ਚ ਇੰਡੀਅਨ ਓਪਨ ਦੇ ਫਾਈਨਲ ‘ਚ ਵੀ ਸਿੰਧੂ ਨੂੰ ਹਰਾਇਆ ਸੀ। ਰੀਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਜਕਾਰਤਾ ‘ਚ ਏਸ਼ੀਆਈ ਖੇਡਾਂ ‘ਚ ਚਾਂਦੀ ਦਾ ਤਮਗਾ ਹਾਸਲ ਕਰਨ ਦੇ ਬਾਅਦ ਮੁਸ਼ਕਲ ਦੌਰ ਤੋਂ ਗੁਜ਼ਰ ਰਹੀ ਹੈ। ਉਹ ਜਾਪਾਨ ਓਪਨ ‘ਚ ਵੀ ਦੂਜੇ ਦੌਰ ਤੋਂ ਅੱਗੇ ਨਹੀਂ ਵਧ ਸਕੀ ਸੀ ਜਿੱਥੇ ਉਨ੍ਹਾਂ ਨੰ ਗਾਓ ਫੈਂਗਜੀ ਨੇ ਹਰਾਇਆ। ਇੰਨਾ ਹੀ ਨਹੀਂ ਚਾਈਨਾ ਓਪਨ ਦੇ ਕੁਆਰਟਰ ਫਾਈਨਲ ‘ਚ ਉਨ੍ਹਾਂ ਨੂੰ ਚੀਨ ਦੀ ਯੇਨ ਯੁਫੇਈ ਤੋਂ ਹਾਰ ਝਲਣੀ ਪਈ ਸੀ।