ਜਕਾਰਤਾ, 22 ਜੁਲਾਈ
ਭਾਰਤੀ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਅੱਜ ਇੱਥੇ ਇੰਡੋਨੇਸ਼ੀਆ ਓਪਨ ਦੇ ਫਾਈਨਲ ਵਿੱਚ ਜਾਪਾਨ ਦੀ ਅਕਾਨੇ ਯਾਮਾਗੁਚੀ ਤੋਂ ਸਿੱਧੇ ਗੇਮ ਵਿੱਚ ਹਾਰ ਗਈ ਅਤੇ ਉਸ ਉਪ ਜੇਤੂ ਰਹਿ ਕੇ ਸਬਰ ਕਰਨਾ ਪਿਆ।
ਸਿੰਧੂ ਨੂੰ ਬੀਡਬਲਯੂਐੱਫ ਟੂਰ ਸੁਪਰ 1000 ਟੂਰਨਾਮੈਂਟ ਦੇ ਫਾਈਨਲ ਵਿੱਚ ਚੌਥਾ ਦਰਜਾ ਪ੍ਰਾਪਤ ਯਾਗਾਮੁਚੀ ਤੋਂ 15-21, 16-21 ਨਾਲ ਹਾਰ ਝੱਲਣੀ ਪਈ। ਓਲੰਪਿਕ ਚਾਂਦੀ ਦਾ ਤਗ਼ਮਾ ਜੇਤੂ ਸਿੰਧੂ ਦਾ ਇਸ ਮੁਕਾਬਲੇ ਤੋਂ ਪਹਿਲਾਂ 22 ਸਾਲ ਦੀ ਜਾਪਾਨੀ ਖਿਡਾਰਨ ਖ਼ਿਲਾਫ਼ ਜਿੱਤ ਦਾ ਰਿਕਾਰਡ 10-4 ਸੀ। ਭਾਰਤੀ ਸ਼ਟਲਰ ਸਿੰਧੂ ਬੀਤੇ ਸਾਲ ਯਾਮਾਗਾਚੀ ਤੋਂ ਆਲ ਇੰਗਲੈਂਡ ਚੈਂਪੀਅਨਸ਼ਿਪ ਦੌਰਾਨ ਹਾਰੀ ਸੀ। ਸਿੰਧੂ ਦੀ ਫਾਈਨਲ ਵਿੱਚ ਹਾਰਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਬੀਤੇ ਸਾਲ ਉਹ ਵਿਸ਼ਵ ਚੈਂਪੀਅਨਸ਼ਿਪ, ਏਸ਼ਿਆਈ ਖੇਡਾਂ, ਰਾਸ਼ਟਰਮੰਡਲ ਖੇਡਾਂ, ਥਾਈਲੈਂਡ ਓਪਨ ਅਤੇ ਇੰਡੀਆ ਓਪਨ ਦੇ ਆਖ਼ਰੀ ਮੁਕਾਬਲੇ ਦੀ ਚੁਣੌਤੀ ਪਾਰ ਨਹੀਂ ਸਕੀ ਸੀ। ਦੁਨੀਆਂ ਦੀ ਪੰਜਵੀਂ ਰੈਂਕਿੰਗ ’ਤੇ ਕਾਬਜ਼ ਇਸ ਭਾਰਤੀ ਦਾ ਇਹ ਸੈਸ਼ਨ ਦਾ ਸਰਵੋਤਮ ਪ੍ਰਦਰਸ਼ਨ ਸੀ। ਇਸ ਤੋਂ ਪਹਿਲਾਂ ਸਿੰਗਾਪੁਰ ਅਤੇ ਇੰਡੀਆ ਓਪਨ ਦੇ ਸੈਮੀ ਫਾਈਨਲ ਤੱਕ ਪਹੁੰਚੀ ਸੀ।