ਟੋਕੀਓ, 26 ਜੁਲਾਈ
ਭਾਰਤੀ ਸ਼ਟਲਰ ਪੀਵੀ ਸਿੰਧੂ ਅਤੇ ਬੀ.ਸਾਈ ਪ੍ਰਣੀਤ ਨੇ ਵੀਰਵਾਰ ਨੂੰ ਇਥੇ ਜਿੱਤ ਦਰਜ ਕਰਦਿਆਂ ਜਾਪਾਨ ਓਪਨ ਦੇ ਕੁਆਰਟਰਫਾਈਨਲ ਵਿੱਚ ਪ੍ਰਵੇਸ਼ ਕੀਤਾ। ਪੰਜਵੀਂ ਦਰਜਾ ਪ੍ਰਾਪਤ ਸਿੰਧੂ ਨੂੰ ਇਕ ਘੰਟੇ ਤਕ ਚੱਲੇ ਮੁਕਾਬਲੇ ਵਿੱਚ ਗੈਰ ਦਰਜਾ ਜਾਪਾਨੀ ਆਇਆ ਓਹੋਰੀ ਖ਼ਿਲਾਫ਼ ਕਾਫ਼ੀ ਮੁਸ਼ੱਕਤ ਕਰਨੀ ਪਈ, ਪਰ ਉਹ ਮਹਿਲਾ ਸਿੰਗਲਜ਼ ਦੇ ਦੂਜੇ ਗੇੜ ਦੇ ਮੁਕਾਬਲੇ ਵਿੱਚ 11-21, 21-10, 21-13 ਨਾਲ ਜਿੱਤ ਹਾਸਲ ਕਰਨ ਵਿੱਚ ਸਫ਼ਲ ਰਹੀ, ਪ੍ਰਣੀਤ ਨੇ ਇਕ ਹੋਰ ਸਥਾਨਕ ਸ਼ਟਲਰ ਕੰਤਾ ਸੁਨੇਯਾਮਾ ਨੂੰ 45 ਮਿੰਟ ਤਕ ਚੱਲੇ ਪੁਰਸ਼ ਸਿੰਗਲ ਮੈਚ ਵਿੱਚ 21-13, 21-16 ਨਾਲ ਹਰਾਇਆ। ਹਾਲਾਂਕਿ ਉਸ ਦੀ ਹਮਵਤਨ ਕਿਦਾਂਬੀ ਸ੍ਰੀਕਾਂਤ ਨੂੰ ਸ਼ੁਰੂਆਤੀ ਮੈਚ ਵਿੱਚ ਹਰਾਉਣ ਵਾਲੇ ਐਚ ਐਸ ਪ੍ਰਣਯ ਦੂਜੇ ਗੇੜ ਦੇ ਮੁਕਾਬਲੇ ਵਿੱਚ ਡੈਨਮਾਰਕ ਦੇ ਰਾਸਮਸ ਗੇਮਕੇ ਤੋਂ 9-21, 15-21 ਨਾਲ ਹਾਰ ਗਏ।
ਵੀਰਵਾਰ ਨੂੰ ਬੀਡਬਲਿਊਐਫ਼ ਵਿਸ਼ਵ ਟੂਰ ਸੁਪਰ 750 ਟੂਰਨਾਮੈਂਟ ਵਿੱਚ ਮਿਲੀ ਜਿੱਤ ਨਾਲ ਸਿੰਧੂ ਨੂੰ ਓਹੋਰੀ ਖ਼ਿਲਾਫ਼ ਜਿੱਤ ਦਾ ਰਿਕਾਰਡ 8-0 ਹੋ ਗਿਆ। ਸਿੰਧੂ ਦਾ ਸਾਹਮਣਾ ਹੁਣ ਚੀਨ ਦੀ ਚੇਨ ਜਿਓਨਾ ਜਿਨ ਅਤੇ ਚੌਥੀ ਦਰਜਾ ਪ੍ਰਾਪਤ ਜਾਪਾਨ ਦੀ ਅਕਾਨੇ ਯਾਮਾਗੁਚੀ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ।
ਪੁਰਸ਼ ਡਬਲਜ਼ ਵਿੱਚ ਭਾਰਤ ਦੀ ਚੰਗੀ ਖ਼ਬਰ ਰਹੀ, ਜਿਸ ਵਿੱਚ ਸਾਤਵਿਕਸਾਈਰਾਜ ਰੰਕੀਰੇਡੀ ਅਤੇ ਚਿਰਾਗ ਸ਼ੇਟੀ ਨੇ ਤਿੰਨ ਗੇਮ ਤਕ ਚੱਲੇ ਦੂਜੇ ਗੇੜ ਦੇ ਮੁਕਾਬਲੇ ’ਚ ਜਿੱਤ ਦਰਜ ਕੀਤੀ।
ਭਾਰਤੀ ਜੋੜੀ ਨੇ ਚੀਨ ਦੇ ਕਾਈ ਜਿਆਂਗ ਹੁਆਂਗ ਅਤੇ ਚੇਂਗ ਲੀਓ ਦੀ ਜੋੜੀ ਨੂੰ 53 ਮਿੰਟ ਵਿੱਚ 15-21, 21-11, 21-19 ਨਾਲ ਹਰਾਇਆ। ਹੁਣ ਉਸ ਦਾ ਸਾਹਮਣਾ ਤਾਕੇਸ਼ੀ ਕਾਮੁਰਾ ਅਤੇ ਕੇਗੀ ਸੋਨਾਡਾ ਦੀ ਦੁੂਜੀ ਦਰਜਾ ਪ੍ਰਾਪਤ ਸਥਾਨਕ ਜੋੜੀ ਨਾਲ ਹੋਵੇਗਾ।