ਮੁੰਬਈ, 6 ਅਪਰੈਲ
ਓਲੰਪਿਕ ਵਿੱਚੋਂ ਚਾਂਦੀ ਦਾ ਤਗ਼ਮਾ ਜੇਤੂ ਪੀਵੀ ਸਿੰਧੂ ਅਤੇ ਨੇਜਾ ਸੁਟਾਵਾ ਨੀਰਜ ਕੁਮਾਰ ਨੂੰ ਸ਼ੁੱਕਰਵਾਰ ਨੂੰ ਈਐੱਸਪੀਐੱਨ ਇੰਡੀਆ ਮਲਟੀ- ਸਪੋਰਟਸ ਐਵਾਰਡ ਵਿੱਚ ਸਾਲ 2018 ਦੇ ਲਈ ਸਾਲ ਦਾ ਸਰਵੋਤਮ ਮਹਿਲਾ ਅਤੇ ਪੁਰਸ਼ ਖਿਡਾਰੀ ਚੁਣਿਆ ਗਿਆ ਹੈ। ਸਿੰਧੂ ਨੂੰ ਇਸ ਪੁਰਸਕਾਰ ਦੇ ਲਈ ਪਿਛਲੇ ਸਮੇਂ ਵਿੱਚ ਚੀਨ ਵਿੱਚ ਖੇਡੇ ਬੀਡਬਲਿਊਐੱਫ ਵਿਸ਼ਵ ਟੂਰ ਫਾਈਨਲਜ਼ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਨਾਲ ਚੈਂਪੀਅਨ ਬਣਨ ਲਈ ਇਸ ਪੁਰਸਕਾਰ ਲਈ ਚੁਣਿਆ ਗਿਆ ਹੈ। ਨੀਰਜ ਨੂੰ ਰਾਸ਼ਟਰਮੰਡਲ ਖੇਡਾਂ ਅਤੇ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਤੋਂ ਇਲਾਵਾ ਪਿਛਲੇ ਸਾਲ 88.06 ਮੀਟਰ ਨੇਜਾ ਸੁੱਟ ਕੇ ਕੌਮੀ ਰਿਕਾਰਡ ਵੀ ਬਣਾਇਆ ਸੀ।
ਲੰਡਨ ਓਲੰਪਿਕ 2012 ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਸਾਇਨਾ ਨੇਹਵਾਲ ਨੂੰ ਸਾਲ ਦੀ ਵਾਪਸੀ ਕਰਨ ਵਾਲੇ ਖਿਡਾਰੀ ਦੇ ਪੁਰਸਕਾਰ ਲਈ ਚੁਣਿਆ ਗਿਆ ਹੈ। ਭਾਰਤੀ ਨਿਸ਼ਾਨੇਬਾਜ਼ੀ ਟੀਮ ਦੇ ਕੋਚ ਜਸਪਾਲ ਰਾਣਾ ਨੂੰ ਸਾਲ ਦਾ ਸਰਵੋਤਮ ਕੋਚ ਚੁਣਿਆ ਗਿਆ ਸੀ।