ਅੰਮ੍ਰਿਤਸਰ, 26 ਨਵੰਬਰ

ਅਕਾਲ ਤਖ਼ਤ ਤੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਪਰ ਇਸਤਰੀ ਗਮਨ ਦੇ ਦੋਸ਼ ਹੇਠ 21 ਦਿਨ ਧਾਰਮਿਕ ਤਨਖਾਹ ਲਾਈ ਹੈ, ਜਦੋਂ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਲਗਾਂ ਮਾਤਰਾ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਅਮਰੀਕਾ ਵਾਸੀ ਥਮਿੰਦਰ ਸਿੰਘ ਅਨੰਦ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ ਹੈ। ਇਹ ਫੈਸਲਾ ਅੱਜ ਪੰਜ ਸਿੰਘ ਸਾਹਿਬਾਨ ਵੱਲੋਂ ਅਕਾਲ ਤਖ਼ਤ ਦੀ ਫਸੀਲ ਤੋਂ ਸੁਣਾਇਆ ਗਿਆ। ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਫੈਸਲੇ ਨੂੰ ਸੁਣਾਉਂਦੇ ਸੁੱਚਾ ਸਿੰਘ ਲੰਗਾਹ ਨੂੰ ਆਖਿਆ ਕਿ ਉਹ 21 ਦਿਨ ਰੋਜ਼ ਜਪੁਜੀ ਸਾਹਿਬ ਦਾ ਪਾਠ ਕਰੇਗਾ।

ਇਸ ਦੇ ਨਾਲ ਸੰਗਤਾਂ ਤੇ ਜੂਠੇ ਬਰਤਨ ਮਾਂਜਣ ਅਤੇ ਲੰਗਰ ਛਕਾਉਣ ਦੀ ਤਨਖਾਹ ਲਾਈ ਗਈ ਹੈ। ਇਸ ਤੋਂ ਪਹਿਲਾਂ ਲੰਗਾਹ ਨੇ ਸੰਗਤ ਦੇ ਸਾਹਮਣੇ ਉਸ ਕੋਲੋਂ ਹੋਈ ਗਲਤੀ ਦੀ ਮੁਆਫ਼ੀ ਮੰਗੀ। ਇੱਕੀ ਦਿਨ ਦੀ ਇਹ ਤਨਖ਼ਾਹ ਪੂਰੀ ਕਰਨ ਮਗਰੋਂ ਉਹ ਮੁਆਫ਼ੀ ਦੀ ਅਰਦਾਸ ਕਰਵਾ ਸਕੇਗਾ। ਇਸ ਤਰ੍ਹਾਂ ਉਹ ਪੰਜ ਸਾਲ ਕਿਸੇ ਵੀ ਧਾਰਮਿਕ ਜਥੇਬੰਦੀ ਦਾ ਮੈਂਬਰ ਨਹੀਂ ਬਣੇਗਾ। ਸੁੱਚਾ ਸਿੰਘ ਲੰਗਾਹ ’ਤੇ ਔਰਤ ਵੱਲੋਂ ਜਬਰ-ਜਨਾਹ ਦਾ ਦੋਸ਼ ਲਾਇਆ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਅਕਾਲ ਤਖ਼ਤ ਵੱਲੋਂ ਸਿੱਖ ਪੰਥ ’ਚੋਂ ਖਾਰਜ ਕਰ ਦਿੱਤਾ ਗਿਆ ਸੀ। ਉਹ ਸ਼੍ਰੋਮਣੀ ਕਮੇਟੀ ਦਾ ਮੈਂਬਰ ਵੀ ਸੀ, ਜਿਸ ਤੋਂ ਉਸ ਨੂੰ ਅਸਤੀਫਾ ਦੇਣਾ ਪਿਆ। ਅਮਰੀਕਾ ਵਿੱਚ ਬਗ਼ੈਰ ਪ੍ਰਵਾਨਗੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਛਾਪਣ ਅਤੇ ਲਗਾ-ਮਾਤਰਾ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਅਮਰੀਕਾ ਵਾਸੀ ਥਮਿੰਦਰ ਸਿੰਘ ਆਨੰਦ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ, ਜਦੋਂ ਕਿ ਉਸ ਦੇ 2 ਸਾਥੀਆਂ ਨੂੰ ਤਨਖਾਹ ਲਾਈ ਗਈ ਹੈ।