ਨਵੀਂ ਦਿੱਲੀ, 22 ਜਨਵਰੀ
ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਹੋਏ ਕਿਸਾਨਾਂ ਦੇ ਮਨੋਰੰਜਨ ਲਈ ਉਨ੍ਹਾਂ ਦੀ ਰੁਚੀ ਮੁਤਾਬਕ ਪ੍ਰਬੰਧ ਕੀਤੇ ਗਏ ਹਨ। ਮੋਰਚਿਆਂ ਵਿੱਚ ਮੁੰਡਿਆਂ ਅਤੇ ਕੁੜੀਆਂ ਦੀ ਕਬੱਡੀ ਦੇ ਮੁਕਾਬਲੇ ਹੋ ਰਹੇ ਹਨ।
ਅੱਜ ਸਿੰਘੂ ਬਾਰਡਰ ’ਤੇ ਪਰਵਾਸੀ ਪੰਜਾਬੀਆਂ ਵੱਲੋਂ ਮੁੰਡਿਆਂ ਦੀਆਂ 8 ਟੀਮਾਂ ਦੇ ਮੁਕਾਬਲੇ ਕਰਵਾਏ ਗਏ ਅਤੇ ਉਨ੍ਹਾਂ ਨੂੰ ਨਕਦ ਇਨਾਮ ਵੀ ਤਕਸੀਮ ਕੀਤੇ ਗਏ। ਜਰਮਨੀ ਤੋਂ ਆਏ ਕੁਲਦੀਪ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਸੁਲਤਾਨਪੁਰ ਤੋਂ ਮਨਦੀਪ ਸਿੰਘ, ਲਾਡੀ ਸਿੰਘ, ਇੰਦਰਜੀਤ ਸਿੰਘ ਜੋਸਨ ਤੇ ਸੁਖਰਾਜ ਸਿੰਘ ਰੋਡੇ ਅਤੇ ਹੋਰ ਨੌਜਵਾਨਾਂ ਦੇ ਪ੍ਰਬੰਧ ਹੇਠ ਕੁੰਡਲੀ ਵਾਲੇ ਇਲਾਕੇ ਵਿੱਚ ਬਾਕਾਇਦਾ ਆਰਜ਼ੀ ਸਟੇਡੀਅਮ ਬਣਾ ਕੇ ਇਕ ਪਲਾਟ ਵਿੱਚ ਮੁਕਾਬਲਿਆਂ ਦਾ ਪ੍ਰਬੰਧ ਕੀਤਾ ਗਿਆ। ਬੀਤੇ ਦਿਨੀਂ ਸਿੰਘੂ ਅਤੇ ਗਾਜ਼ੀਪੁਰ ਬਾਰਡਰਾਂ ਦੇ ਧਰਨਿਆਂ ਉਪਰ ਕੁੜੀਆਂ ਦੇ ਕਬੱਡੀ ਮੁਕਾਬਲੇ ਕਰਵਾਏ ਗਏ ਸਨ ਜਿਨ੍ਹਾਂ ਨੂੰ ਖਾਸਾ ਪਸੰਦ ਕੀਤਾ ਗਿਆ। ਇਸ ਮਗਰੋਂ ਮੁੰਡਿਆਂ ਦੇ ਮੁਕਾਬਲੇ ਕਰਵਾਉਣ ਦੀ ਮੰਗ ਉੱਠੀ ਸੀ। ਵਧੀਆ ਜਾਫ਼ੀ ਤੇ ਰੇਡਰ ਨੂੰ 21-21 ਹਜ਼ਾਰ ਰੁਪਏ ਦੇ ਇਨਾਮ ਦਿੱਤੇ ਗਏ। ਮੁਕਾਬਲੇ ਦੇਖਣ ਲਈ ਨਿਹੰਗ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ।