ਨਵੀਂ ਦਿੱਲੀ, 19 ਅਪਰੈਲ

ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਬੀਸੀਸੀਆਈ ਦੀ ਭ੍ਰਿਸ਼ਟਾਚਾਰ ਰੋਕੂ ਇਕਾਈ (ਏਸੀਯੂ) ਨੂੰ ਦੱਸਿਆ ਕਿ ਇਸ ਸਾਲ ਫਰਵਰੀ ਵਿਚ ਆਸਟਰੇਲੀਆ ਦੌਰੇ ਤੋਂ ਪਹਿਲਾਂ ਟੀਮ ਬਾਰੇ ਅੰਦਰੂਨੀ ਜਾਣਕਾਰੀ ਲੈਣ ਲਈ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਨਾਲ ਸੰਪਰਕ ਕੀਤਾ ਸੀ। ਆਈਪੀਐੱਲ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ ਲਈ ਖੇਡਣ ਵਾਲੇ ਸਿਰਾਜ ਨੇ ਬੀਸੀਸੀਆਈ ਦੇ ਏਸੀਯੂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਸੱਟੇਬਾਜ਼ ਨੇ ਭਾਰਤ ਦੇ ਮੈਚਾਂ ਦੌਰਾਨ ਬਹੁਤ ਸਾਰਾ ਪੈਸਾ ਗੁਆਇਆ ਅਤੇ ਨਿਰਾਸ਼ਾ ਵਿੱਚ ਸਿਰਾਜ ਨੂੰ ਸੁਨੇਹਾ ਭੇਜਿਆ। ਬੋਰਡ ਦੇ ਇਕ ਸੂਤਰ ਨੇ ਕਿਹਾ, ‘ਸਿਰਾਜ ਨਾਲ ਸੰਪਰਕ ਕਰਨ ਵਾਲਾ ਵਿਅਕਤੀ ਫਿਕਸਰ  ਨਹੀਂ ਸੀ। ਉਹ ਹੈਦਰਾਬਾਦ ਦਾ ਡਰਾਈਵਰ ਸੀ ਜੋ ਮੈਚਾਂ ‘ਤੇ ਸੱਟੇਬਾਜ਼ੀ ਦਾ ਆਦੀ ਸੀ। ਉਸ ਦਾ ਕਾਫੀ ਪੈਸਾ ਡੁੱਬ ਗਿਆ ਸੀ। ਇਸ ਲਈ ਉਸਨੇ ਅੰਦਰੂਨੀ ਜਾਣਕਾਰੀ ਲਈ ਸਿਰਾਜ ਨਾਲ ਵਟਸਐਪ ‘ਤੇ ਸੰਪਰਕ ਕੀਤਾ। ਆਂਧਰਾ ਪੁਲੀਸ ਨੇ ਉਸ ਵਿਅਕਤੀ ਨੂੰ ਫੜ ਲਿਆ ਹੈ।’