ਚੰਡੀਗੜ੍ਹ, 2 ਮਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਅਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਸੂਬੇ ਦੇ ਮੰਤਰੀ ਖ਼ਿਲਾਫ਼ ‘ਬੇਬੁਨਿਆਦ’ ਦੋਸ਼ ਲਾਉਣ ਲਈ ਤਿੱਖਾ ਹਮਲਾ ਕੀਤਾ ਹੈ। ਸ੍ਰੀ ਮਾਨ ਨੇ ਕਿਹਾ ਕਿ ਦੋਸ਼ਾਂ ਤੋਂ ਪਤਾ ਚੱਲਦਾ ਹੈ ਕਿ ਜਲੰਧਰ ਵਿੱਚ 10 ਮਈ ਨੂੰ ਹੋਣ ਵਾਲੀ ਲੋਕ ਸਭਾ ਜ਼ਿਮਨੀ ਚੋਣ ਤੋਂ ਪਹਿਲਾਂ ਉਹ ਘਬਰਾ ਗਏ ਹਨ। ਸਿਰਸਾ ਨੇ ਸੋਮਵਾਰ ਨੂੰ ਟਵੀਟ ਵਿੱਚ ਦੋਸ਼ ਲਾਇਆ ਕਿ ਸ੍ਰੀ ਮਾਨ ਦੇ ਇਕ ਮੰਤਰੀ ਇੱਕ ‘ਇਤਰਾਜ਼ਯੋਗ ਵੀਡੀਓ’ ਪੰਜਾਬ ਦੇ ਰਾਜਪਾਲ ਨੂੰ ਸੌਂਪੇ ਜਾਣ ਤੋਂ ਬਾਅਦ ਇੱਕ ਮੰਤਰੀ ਨੇ ਅਸਤੀਫਾ ਦੇ ਦਿੱਤਾ ਹੈ। ਸਿਰਸਾ ਦੇ ਦੋਸ਼ਾਂ ‘ਤੇ ਸਵਾਲ ਦੇ ਜਵਾਬ ‘ਚ ਮੁੱਖ ਮੰਤਰੀ ਨੇ ਭਾਜਪਾ ਨੇਤਾ ‘ਤੇ ਵਿਅੰਗ ਕੀਤਾ ਅਤੇ ਉਨ੍ਹਾਂ ਦੇ ਦਾਅਵਿਆਂ ਨੂੰ ਬੇਬੁਨਿਆਦ ਕਰਾਰ ਦਿੱਤਾ। ਸ੍ਰੀ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਅਸਤੀਫਾ ਜਾਂ ਵੀਡੀਓ ਨਹੀਂ ਮਿਲਿਆ ਹੈ। ਕਾਂਗਰਸ ਵਿਧਾਇਕ ਖਹਿਰਾ ਨੇ ਕਿਸੇ ਦਾ ਨਾਂ ਲਏ ਬਿਨਾਂ ਸੋਮਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਨੇ ‘ਆਪ’ ਮੰਤਰੀ ਦੀਆਂ ਇਤਰਾਜ਼ਯੋਗ ਵੀਡੀਓਜ਼ ਰਾਜਪਾਲ ਨੂੰ ਸੌਂਪੀਆਂ ਹਨ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਜੇਕਰ ਵੀਡੀਓ ਸੱਚੀ ਹੈ ਤਾਂ ਮੰਤਰੀ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕੀਤਾ ਜਾਵੇ।