ਨਵੀਂ ਦਿੱਲੀ: ਅਦਾਕਾਰਾ ਪਰਿਨੀਤੀ ਚੋਪੜਾ ਨੇ ਕਿਹਾ ਹੈ ਕਿ ਉਹ ਕਦੇ ਵੀ ਕੋਈ ਪ੍ਰਾਜੈਕਟ ਕਿਸੇ ਗਲਤ ਕਾਰਨ ਕਰਕੇ ਨਹੀਂ ਕਰਨਾ ਚਾਹੇਗੀ। ਉਹ ਸਿਰਫ਼ ਉਨ੍ਹਾਂ ਵਿਸ਼ਿਆਂ ’ਤੇ ਹੀ ਫਿਲਮਾਂ ਕਰਨਾ ਚਾਹੁੰਦੀ ਹੈ, ਜਿਨ੍ਹਾਂ ’ਤੇ ਉਸ ਨੂੰ ਖ਼ੁਦ ਨੂੰ ਯਕੀਨ ਹੈ। ਜ਼ਿਕਰਯੋਗ ਹੈ ਕਿ 2021 ਵਿੱਚ ਪਰਿਨੀਤੀ ਦੀਆਂ ਤਿੰਨ ਫਿਲਮਾਂ ‘ਦਿ ਗਰਲ ਔਨ ਦਿ ਟਰੇਨ’, ‘ਸਾਇਨਾ’ ਅਤੇ ‘ਸੰਦੀਪ ਔਰ ਪਿੰਕੀ ਫਰਾਰ’ ਆਈਆਂ ਹਨ। ਆਉਣ ਵਾਲੇ ਸਮੇਂ ਵਿੱਚ ਉਹ ਕਿਹੋ ਜਿਹੀਆਂ ਫਿਲਮਾਂ ਕਰਨਾ ਚਾਹੁੰਦੀ ਹੈ, ਇਸ ਬਾਰੇ ਗੱਲ ਕਰਦਿਆਂ ਅਦਾਕਾਰਾ ਨੇ ਕਿਹਾ, ‘ਮੈਂ ਸਿਰਫ਼ ਉਹੀ ਪ੍ਰਾਜੈਕਟ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ’ਤੇ ਮੈਨੂੰ ਯਕੀਨ ਹੈ। ਮੈਂ ਕਿਸੇ ਗਲਤ ਕਾਰਨ ਕਰਕੇ ਕੋਈ ਵੀ ਫਿਲਮ ਨਹੀਂ ਕਰਨਾ ਚਾਹੁੰਦੀ।’ ਪਰਿਨੀਤੀ ਨੇ ਕਿਹਾ, ‘ਕਈ ਵਾਰ ਤੁਸੀਂ ਕੋਈ ਫਿਲਮ ਕਿਸੇ ਅਦਾਕਾਰ ਕਰਕੇ ਕਰਦੇ ਹੋ, ਕਈ ਵਾਰ ਕਿਸੇ ਐਸੇ ਗੀਤ ਕਰਕੇ, ਜੋ ਤੁਹਾਨੂੰ ਪਸੰਦ ਆਇਆ ਹੋਵੇ ਜਾਂ ਕਈ ਵਾਰ ਤੁਸੀਂ ਇਸ ਲਈ ਵੀ ਫਿਲਮ ਕਰ ਲੈਂਦੇ ਹੋ ਕਿਉਂਕਿ ਤੁਹਾਡੇ ਕੋਲ ਖਾਲੀ ਸਮਾਂ ਹੈ…ਪਰ ਮੈਂ ਸਦਾ ਹੀ ਅਜਿਹਾ ਕਿਰਦਾਰ ਨਿਭਾਉਣਾ ਚਾਹਿਆ ਹੈ, ਜੋ ਮੈਨੂੰ ਪ੍ਰਭਾਵਿਤ ਕਰਦਾ ਹੈ।’