ਸਿਨਸਿਨਾਟੀ, 18 ਅਗਸਤ
ਸਪੇਨ ਦਾ ਰਾਫੇਲ ਨਡਾਲ ਏਟੀਪੀ ਡਬਲਿਊ ਸਿਨਸਿਨਾਟੀ ਮਾਸਟਰਜ਼ ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਪੁੱਜ ਗਿਆ ਹੈ। ਜਦੋਂ ਕਿ ਅਲੈਗਜੈਂਡਰ ਜ਼ਵੈਰੇਵ ਦੀ ਦਸ ਮੈਚਾਂ ਦੀ ਜੇਤੂ ਮੁਹਿੰਮ ਉੱਤੇ ਰੋਕ ਲੱਗ ਗਈ ਹੈ। ਜੂਨ ਵਿੱਚ ਦਸਵਾਂ ਫਰੈਂਚ ਓਪਨ ਖ਼ਿਤਾਬ ਜਿੱਤਣ ਵਾਲੇ ਪੰਦਰਾਂ ਵਾਰ ਦੇ ਗਰੈਂਡ ਸਲੈਮ ਜੇਤੂ ਨਡਾਲ ਨੇ ਫਰਾਂਸ ਦੇ ਰਿਚਰਡ ਗਾਸਕੁਏਟ ਨੂੰ 6-3, 6-4 ਨਾਲ ਹਰਾ ਦਿੱਤਾ। ਗਾਸਕੇਟ ਨਾਲ ਪੰਦਰਾਂ ਮੈਚਾਂ ਵਿੱਚ ਨਾਡਾਲ ਦੀ ਇਹ ਪੰਦਰਵੀਂ ਜਿੱਤ ਹੈ। ਪਿੱਠ ਦਰਦ ਕਾਰਨ ਰੋਜ਼ ਫੈਡਰਰ ਇਹ ਟੂਰਨਾਮੈਂਟ ਨਹੀਂ ਖੇਡ ਰਿਹਾ। ਇਸ ਤਰ੍ਹਾਂ ਨਡਾਲ ਏਟੀਪੀ ਦਰਜਾਬੰਦੀ ਵਿੱਚ ਅਗਲੇ ਹਫ਼ਤੇ ਐਂਡੀ ਮਰੇ ਨੂੰ ਪਛਾੜ ਕੇ ਨੰਬਰ ਇੱਕ ਬਣ ਜਾਵੇਗਾ। ਹੁਣ ਉਸ ਦੀ ਟੱਕਰ ਸਪੇਨ ਦੇ ਹੀ ਅਲਬਰਟ ਰਾਮੋਸ ਵਿਨੋਲੇਸ ਨਾਲ ਹੋਵੇਗੀ।
ਦੂਜੇ ਪਾਸੇ ਮੌਂਟਰੀਅਲ ਅਤੇ ਵਾਸ਼ਿੰਗਟਨ ਵਿੱਚ ਖ਼ਿਤਾਬ ਜਿੱਤ ਚੁੱਕੇ ਜ਼ਵੈਰੇਵ ਨੂੰ ਅਮਰੀਕਾ ਦੇ ਵਾਈਲਡ ਕਾਰਡਧਾਰੀ ਫਰਾਂਸਿਸ ਟਿਆਫੋ ਨੇ 4-6, 6-3, 6-4 ਨਾਲ ਹਰਾਇਆ। ਹੁਣ ਉਸ ਦੀ ਟੱਕਰ ਅਮਰੀਕਾ ਦੇ ਜੌਹਨ ਇਸਨੇਰ ਨਾਲ ਹੋਵੇਗੀ। ਮਹਿਲਾ ਵਰਗ ਵਿੱਚ ਸਿਖ਼ਰਲਾ ਦਰਜਾ ਪ੍ਰਾਪਤ ਚੈੱਕ ਗਣਰਾਜ ਦੀ ਪਿਛਲੀ ਚੈਂਪੀਅਨ ਕੈਰੋਲੀਨਾ ਪਲਿਸਕੋਵਾ ਨੇ ਰੂਸ ਦੀ ਨਤਾਲਿਆ ਵੀ ਨੂੰ 6-2, 6-3 ਨਾਲ ਹਰਾ ਦਿੱਤਾ। ਜਰਮਨੀ ਦੀ ਐਂਜਲੀਕ ਕਾਰਬਰ ਨੂੰ ਰੂਸ ਦੀ ਐਕਾਤਰੀਨਾ ਮਕਾਰੋਵਾ ਨੇ 6-4, 1-6, 7-6 ਨਾਲ ਮਾਤ ਦਿੱਤੀ।