ਮੁੰਬਈ, 8 ਜੂਨ

ਬੌਲੀਵੁੱਡ ਅਦਾਕਾਰ ਤੁਸ਼ਾਰ ਕਪੂਰ ਨੇ ਦਾਅਵਾ ਕੀਤਾ ਕਿ ਸਿਨੇ ਜਗਤ ਵਿੱਚ ਸਿਤਾਰਿਆਂ ਦੇ ਬੱਚਿਆਂ ਅਤੇ ਬਾਹਰੋਂ ਆਉਣ ਵਾਲਿਆਂ ਲਈ ਦਰਸ਼ਕ ਦੋਹਰਾ ਮਾਪਦੰਡ ਅਪਣਾਉਂਦੇ ਹਨ। ਉੱਘੇ ਅਦਾਕਾਰ ਜਤਿੰਦਰ ਦੇ ਪੁੱਤਰ ਤੁਸ਼ਾਰ ਨੇ ਕਿਹਾ ਕਿ ਉਸ ਨੇ ਆਪਣੇ ਪਿਤਾ ਦੀਆਂ ਗ਼ਲਤੀਆਂ ਤੋਂ ਸਬਕ ਲਿਆ ਹੈ। ਉਸ ਨੇ ਕਿਹਾ, ‘ਫ਼ਿਲਮ ਜਗਤ ਵਿੱਚੋਂ ਹੋਣ ਕਾਰਨ ਤੁਹਾਨੂੰ ਪਹਿਲੀ ਫ਼ਿਲਮ ਬਹੁਤ ਹੀ ਆਸਾਨੀ ਨਾਲ ਮਿਲ ਜਾਂਦੀ ਹੈ। ਇਹ ਤੁਹਾਡੇ ਲਈ ਚੰਗਾ ਮੌਕਾ ਹੈ। ਅਦਾਕਾਰ ਦਾ ਪੁੱਤਰ ਹੋਣ ਕਾਰਨ ਮੈਂ ਆਪਣੀਆਂ ਗ਼ਲਤੀਆਂ, ਜਿੱਤਾਂ ਤੇ ਹਾਰਾਂ ਤੋਂ ਸਬਕ ਲਿਆ ਹੈ। ਮੇਰਾ ਇਹ ਵੀ ਮੰਨਣਾ ਹੈ ਕਿ ਫਿਲਮ ਜਗਤ ਨਾਲ ਜੁੜੇ ਬੱਚਿਆਂ ਨੂੰ ਬਾਹਰੋਂ ਆਉਣ ਵਾਲਿਆਂ ਦੇ ਮੁਕਾਬਲੇ ਵੱਖਰੇ ਨਜ਼ਰੀਏ ਨਾਲ ਵੇਖਿਆ ਜਾਂਦਾ ਹੈ। ਕੋਈ ਫ਼ਰਕ ਨਹੀਂ ਪੈਂਦਾ ਅਸੀਂ ਕੀ ਕਰ ਰਹੇ ਹਾਂ। ਸਾਡੇ ਲਈ ਗਲਾਸ ਹਮੇਸ਼ਾ ਅੱਧਾ ਖਾਲੀ ਹੀ ਰਹੇਗਾ। ਉਹ ਲੋਕ ਜੋ ਬਾਹਰੋਂ ਆਉਂਦੇ ਹਨ, ਚਾਹੇ ਕਿੰਨੀਆਂ ਵੀ ਗ਼ਲਤੀਆਂ ਕਰਨ, ਉਨ੍ਹਾਂ ਲਈ ਗਲਾਸ ਹਮੇਸ਼ਾ ਅੱਧਾ ਭਰਿਆ ਰਹੇਗਾ। ਇਸ ਲਿਹਾਜ਼ ਨਾਲ ਇਹ ਬੇਇਨਸਾਫ਼ੀ ਹੈ, ਪਰ ਅਖ਼ੀਰ ਸੰਤੁਲਨ ਬਣ ਜਾਂਦਾ ਹੈ।’

ਹਾਲਾਂਕਿ, ਤੁਸ਼ਾਰ ਦਾ ਮੰਨਣਾ ਹੈ ਕਿ ਦਰਸ਼ਕਾਂ ਨੇ ਹਮੇਸ਼ਾ ਉਸ ਨੂੰ ਮਾਣ-ਸਤਿਕਾਰ ਦਿੱਤਾ ਹੈ। ਤੁਸ਼ਾਰ ਨੇ ਕਿਹਾ, ‘ਜਿੱਥੋਂ ਤੱਕ ਦਰਸ਼ਕਾਂ ਦਾ ਮਾਮਲਾ ਹੈ, ਮੈਨੂੰ ਆਪਣਾ ਹੱਕ ਮਿਲਿਆ ਹੈ। ਮੈਨੂੰ ਉਨ੍ਹਾਂ ਨੇ ਪਿਆਰ ਦਿੱਤਾ। ਉਨ੍ਹਾਂ ਨੇ ਮੇਰੀ ਮਿਹਨਤ ਨੂੰ ਪਛਾਣਿਆ। ਇਸ ਲਈ ਮੈਂ ਫ਼ਿਲਮ ਜਗਤ ਦਾ ਹਿੱਸਾ ਬਣਿਆ ਰਹਿਣਾ ਚਾਹੁੰਦਾ ਹਾਂ।’ ਅਦਾਕਾਰ ਨੇ ਕਿਹਾ ਕਿ ਉਸ ਨੇ ਆਪਣੇ ਰਾਹ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨਾਲ ਨਜਿੱਠਣਾ ਸਿੱਖ ਲਿਆ ਹੈ। ਤੁਸ਼ਾਰ ਨੇ ਕਿਹਾ, ‘ਸਫ਼ਲਤਾ ਤੋਂ ਇਲਾਵਾ ਕੁੱਝ ਨਿਰਾਸ਼ਾਵਾਂ ਵੀ ਮਿਲੀਆਂ। ਸ਼ੁਰੂ ਵਿੱਚ ਮੈਂ ਸੁਸਤ ਰਹਿੰਦਾ ਸੀ। ਪਰ ਇੱਕ ਸਮੇਂ ਤੋਂ ਬਾਅਦ, ਮੈਂ ਆਪਣੇ ਰਸਤੇ ਵਿੱਚ ਆਉਣ ਵਾਲੀਆਂ ਔਕੜਾਂ ਨਾਲ ਨਜਿੱਠਣਾ ਸਿੱਖ ਲਿਆ।’