ਆਸਟ੍ਰੇਲੀਆ : ਆਸਟ੍ਰੇਲੀਆ ਦੇ ਸਿਡਨੀ ਦੇ ਬੋਂਡੀ ਬੀਚ ‘ਤੇ ਯਹੂਦੀ ਭਾਈਚਾਰੇ ਦੇ ਹਨੁੱਕਾ ਜਸ਼ਨਾਂ ਦੌਰਾਨ ਹੋਈ ਭਿਆਨਕ ਗੋਲੀਬਾਰੀ ਨੇ ਪੂਰੀ ਦੁਨੀਆ ਨੂੰ ਝਿੰਜੋੜ ਕੇ ਰੱਖ ਦਿੱਤਾ। ਸਿਡਨੀ ਦੇ ਬੋਂਡੀ ਬੀਚ ‘ਤੇ ਹੋਈ ਗੋਲੀਬਾਰੀ ਦੀ ਘਟਨਾ ‘ਚ ਮਰਨ ਵਾਲਿਆਂ ਦੀ ਗਿਣਤੀ 16 ਹੋ ਗਈ ਹੈ। ਐਤਵਾਰ ਨੂੰ ਦੋ ਅੱਤਵਾਦੀਆਂ ਨੇ ਹਨੁੱਕਾ ਦੇ ਯਹੂਦੀ ਤਿਉਹਾਰ ਦੇ ਜਸ਼ਨ ਦੌਰਾਨ ਹਮਲਾ ਕੀਤਾ। ਜਿਵੇਂ ਹੀ ਗੋਲੀਬਾਰੀ ਸ਼ੁਰੂ ਹੋਈ, ਬੋਂਡੀ ਬੀਚ ‘ਤੇ ਦਹਿਸ਼ਤ ਫੈਲ ਗਈ, ਲੋਕ ਛੁਪਣ ਲਈ ਭੱਜਣ ਲੱਗੇ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਹਮਲੇ ਵਿੱਚ ਖਾਸ ਤੌਰ ‘ਤੇ ਯਹੂਦੀ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਦੋ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਇੱਕ ਬੱਚੇ ਸਮੇਤ 16 ਲੋਕ ਮਾਰੇ ਗਏ। ਇਸ ਹਮਲੇ ਵਿੱਚ 38 ਲੋਕ ਜ਼ਖਮੀ ਹੋਏ। ਐਮਰਜੈਂਸੀ ਸੇਵਾਵਾਂ ਤੁਰੰਤ ਘਟਨਾ ਸਥਾਨ ‘ਤੇ ਪਹੁੰਚੀਆਂ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਬੀਚ ਅਤੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਪੁਲਿਸ ਨੇ ਘਟਨਾ ‘ਚ ਸ਼ਾਮਿਲ ਇੱਕ ਹਮਲਾਵਰ ਨੂੰ ਮਾਰ ਦਿੱਤਾ, ਜਦੋਂ ਕਿ ਦੂਜੇ ਦਾ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਨਿਊ ਸਾਊਥ ਵੇਲਜ਼ ਪੁਲਿਸ ਕਮਿਸ਼ਨਰ ਮਾਲ ਲੈਨਿਯਨ ਦੇ ਅਨੁਸਾਰ, ਗੋਲੀਬਾਰੀ ਵਿੱਚ ਸ਼ਾਮਲ ਸ਼ੱਕੀ ਵਿਅਕਤੀ ਇੱਕ ਪਿਤਾ ਅਤੇ ਪੁੱਤਰ ਸਨ। ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੇ 50 ਸਾਲਾ ਪਿਤਾ ਨੂੰ ਮੌਕੇ ‘ਤੇ ਹੀ ਮਾਰ ਦਿੱਤਾ, ਜਦੋਂ ਕਿ 24 ਸਾਲਾ ਪੁੱਤਰ ਦੀ ਹਾਲਤ ਗੰਭੀਰ ਪਰ ਸਥਿਰ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ ਕਿ ਅਸੀਂ ਯਹੂਦੀਆਂ ਵਿਰੁੱਧ ਨਫ਼ਰਤ ਦੀ ਭਾਵਨਾ ਨੂੰ ਖਤਮ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ। ਉਨ੍ਹਾਂ ਕਿਹਾ ਕਿ ਇਹ ਇੱਕ ਸਰਾਪ ਹੈ ਅਤੇ ਅਸੀਂ ਮਿਲ ਕੇ ਇਸਨੂੰ ਜੜ੍ਹਾਂ ਤੋਂ ਮਿਟਾ ਦੇਵਾਂਗੇ।
ਸਰਕਾਰ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦਾ ਭਰੋਸਾ ਦਿੱਤਾ ਹੈ।ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵੀ ਇਸ ਹਮਲੇ ਦੀ ਨਿੰਦਾ ਕੀਤੀ ਹੈ, ਇਸਨੂੰ ਇੱਕ ਭਿਆਨਕ ਹਮਲਾ ਦੱਸਿਆ ਹੈ।














