ਅੰਮ੍ਰਿਤਸਰ, 21 ਨਵੰਬਰ
ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਹਲਕੇ ਵਿੱਚ ਕਾਂਗਰਸੀ ਆਗੂਆਂ ਦੀ ਸ਼ਹਿ ’ਤੇ ‘ਸਿਆਸੀ ਦਹਿਸ਼ਤਗਰਦੀ’ ਦਾ ਦੌਰ ਚੱਲ ਰਿਹਾ ਹੈ। ਕਾਂਗਰਸੀ ਆਗੂਆਂ ਦੀ ਸ਼ਹਿ ’ਤੇ ਹੋ ਰਹੀ ਕਥਿਤ ਗੁੰਡਾਗਰਦੀ ਦੇ ਪੁਖਤਾ ਸਬੂਤ ਹੋਣ ਦੇ ਬਾਵਜੂਦ ਸਿਆਸੀ ਦਬਾਅ ਅਧੀਨ ਪੁਲੀਸ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਇਨਸਾਫ਼ ਨਾ ਮਿਲਿਆ ਤਾਂ ਇਨ੍ਹਾਂ ਮੁੱਦਿਆਂ ਨੂੰ ਵਿਧਾਨ ਸਭਾ ਵਿੱਚ ਉਠਾਇਆ ਜਾਵੇਗਾ ਅਤੇ ਸੜਕਾਂ ’ਤੇ ਮੋਰਚਾ ਲਾਉਣ ਤੋਂ ਇਲਾਵਾ ਨਿਆਂ ਲਈ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਜਾਵੇਗਾ।
ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਦੋਸ਼ ਲਾਇਆ ਕਿ ਇੱਕ ਕਾਂਗਰਸੀ ਆਗੂ ਦੇ ਨਜ਼ਦੀਕੀਆਂ ਵੱਲੋਂ ਕਥਿਤ ਤੌਰ ’ਤੇ ਪਿਛਲੇ ਕੁਝ ਹੀ ਦਿਨਾਂ ਦੌਰਾਨ ਵੱਖ-ਵੱਖ ਥਾਵਾਂ ’ਤੇ ਗੋਲੀਆਂ ਚਲਾਈਆਂ ਗਈਆਂ, ਜਿਸ ਵਿੱਚ ਕਈ ਲੋਕ ਫੱਟੜ ਵੀ ਹੋਏ। ਉਨ੍ਹਾਂ ਨੇ ਇਸ ਵਧੀਕੀ ਦੇ ਸ਼ਿਕਾਰ ਵੱਖ-ਵੱਖ ਪਿੰਡਾਂ ਦੇ ਤਿੰਨ ਪਰਿਵਾਰਾਂ ਦੇ ਮੈਂਬਰਾਂ ਨੂੰ ਪੇਸ਼ ਕਰਦਿਆਂ ਦੋਸ਼ ਲਾਇਆ ਕਿ ਕਾਂਗਰਸੀਆਂ ਵੱਲੋਂ ਪਿੰਡ ਬੱਦੋਵਾਲ ਦੇ ਬਲਕਾਰ ਸਿੰਘ ਦੇ ਘਰ ਧੱਕੇ ਨਾਲ ਦਾਖ਼ਲ ਹੋ ਕੇ ਉਸ ’ਤੇ ਗੋਲੀ ਚਲਾਈ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਦਬਾਅ ਪਾਉਣ ’ਤੇ 307 ਦਾ ਕੇਸ ਤਾਂ ਦਰਜ ਹੋ ਗਿਆ ਪਰ ਗ੍ਰਿਫ਼ਤਾਰੀ ਕੋਈ ਨਹੀਂ ਹੋਈ।
ਇਸੇ ਤਰ੍ਹਾਂ ਸ੍ਰੀ ਮਜੀਠੀਆ ਨੇ ਥਾਣਾ ਕੱਥੂਨੰਗਲ ਦੇ ਪਿੰਡ ਰਾਮਦਿਵਾਲੀ ਹਿੰਦੂਆਂ ਵਿੱਚ ਵਾਪਰੀ ਘਟਨਾ ਬਾਰੇ ਦੱਸਿਆ ਜਿਥੇ ਮੁਖਤਿਆਰ ਸਿੰਘ ਅਤੇ ਉਸ ਦੇ ਪੁੱਤਰ ਜਸਪਿੰਦਰ ਸਿੰਘ ’ਤੇ ਗੋਲੀਆਂ ਚਲਾਈਆਂ ਗਈਆਂ, ਜਿਸ ਨਾਲ ਉਹ ਜ਼ਖ਼ਮੀ ਹੋ ਗਏ। ਮੁਖਤਿਆਰ ਸਿੰਘ ਦੀ ਪਤਨੀ ਹਰਮੀਤ ਕੌਰ ਅਤੇ ਮਾਤਾ ਲਖਬੀਰ ਕੌਰ ਨੇ ਦੱਸਿਆ ਕਿ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਹੋਣ ਦੇ ਬਾਵਜੂਦ ਉਹ ਖੁੱਲ੍ਹੇਆਮ ਘੁੰਮ ਰਹੇ ਹਨ ਅਤੇ ਪੁਲੀਸ ਕੋਈ ਕਾਰਵਾਈ ਨਹੀਂ ਕਰ ਰਹੀ। ਮਜੀਠਾ ਦੇ ਰਹਿਣ ਵਾਲੇ ਰਮੇਸ਼ ਕੁਮਾਰ ਸੋਢੀ ਅਤੇ ਉਸ ਦੀ ਪਤਨੀ ਪ੍ਰਿਆ ਸੋਢੀ ਨੇ ਜੈਂਤੀਪੁਰ ਦੇ ਇੱਕ ਵਿਅਕਤੀ ਅਤੇ ਕੁਝ ਹੋਰਨਾਂ ਵੱਲੋਂ ਉਸ ਦੇ ਦਫ਼ਤਰ ਵਿੱਚ ਜਬਰੀ ਦਾਖ਼ਲ ਹੋਣ ਅਤੇ ਹਥਿਆਰ ਦਿਖਾ ਕੇ ਡਰਾਉਣ ਧਮਕਾਉਣ ਵਾਲੀ ਵੀਡੀਓ ਦਿਖਾਉਂਦਿਆਂ ਵਾਪਰੀ ਘਟਨਾ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਦਰਖਾਸਤ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ ਤੇ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ।