ਚੰਡੀਗੜ੍ਹ, 13 ਨਵੰਬਰ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲੀਸ ਦੇ ਉਨ੍ਹਾਂ ਅਧਿਕਾਰੀਆਂ ਅਤੇ ਸਟਾਫ ਨੂੰ ਆਪਣੇ ਨਿਵਾਸ ਸਥਾਨ ’ਤੇ ਰਾਤਰੀ ਭੋਜ ਦਿੱਤਾ ਜਿਨ੍ਹਾਂ ਸੂਬੇ ਵਿੱਚ ਹੋਏ ਸਿਆਸੀ ਕਤਲਾਂ ਦੇ ਮਾਮਲੇ ਹੱਲ ਕਰਕੇ ਮੁਲਜ਼ਮਾਂ ਨੂੰ ਫੜਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਸ ਰਾਤਰੀ ਭੋਜ ਵਿੱਚ 80 ਤੋਂ ਵੱਧ ਪੁਲੀਸ ਅਧਿਕਾਰੀ ਤੇ ਹੋਰ ਸ਼ਖ਼ਸੀਅਤਾਂ ਪਹੁੰਚੀਆਂ।
ਇਸ ਮੌਕੇ ਮੁੱਖ ਮੰਤਰੀ ਨੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇ ਪੁਲੀਸ ਅਜਿਹਾ ਨਾ ਕਰਦੀ, ਇਹ ਸਮਾਜ ਵਿਰੋਧੀ ਤਾਕਤਾਂ ਸੂਬੇ ’ਚ  ਗੜਬੜ ਪੈਦਾ ਕਰ ਸਕਦੀਆਂ  ਸਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਪੁਲੀਸ ਨੂੰ ਗਰਮ ਖਿਆਲੀਆਂ ਤੇ ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਖੁੱਲ੍ਹੀ ਛੁੱਟੀ ਦਿੱਤੀ ਗਈ ਸੀ ਤੇ ਪੁਲੀਸ ਨੇ ਵਚਨਬੱਧਤਾ ਤੇ ਸੰਜੀਦਗੀ ਨਾਲ ਆਪਣੇ ਕੰਮ ਨੂੰ ਨੇਪਰੇ ਚਾੜ੍ਹਿਆ ਹੈ। ਮੁੱਖ ਮੰਤਰੀ ਨੇ ਡੀਜੀਪੀ ਸੁਰੇਸ਼ ਅਰੋੜਾ ਨੂੰ ਹਦਾਇਤ ਕੀਤੀ ਕਿ ਸੂਬੇ ਦੇ ਲੋਕਾਂ ਨੂੰ ਭਾਈਚਾਰਕ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਜਾਂ ਪੜਤਾਲ ਰਾਹੀਂ ਫੌਜਦਾਰੀ ਕੇਸਾਂ ਨੂੰ ਹੱਲ ਕਰਨ ਵਿੱਚ ਵਧੀਆ ਭੂਮਿਕਾ ਨਿਭਾਉਣ ਵਾਲੇ ਪੁਲੀਸ ਮੁਲਾਜ਼ਮਾਂ ਦੇ ਸਨਮਾਨ ਲਈ ਉਨ੍ਹਾਂ ਦੀ ਚੋਣ ਵਾਸਤੇ ਕੋਈ ਪ੍ਰਣਾਲੀ ਸਥਾਪਿਤ ਕੀਤੀ ਜਾਵੇ।
ਇਸ ਮੌਕੇ ਡੀਜੀਪੀ (ਇੰਟੈਲੀਜੈਂਸ) ਦਿਨਕਰ ਗੁਪਤਾ, ਡੀਜੀਪੀ ਲਾਅ ਐਂਡ ਆਰਡਰ ਹਰਦੀਪ ਸਿੰਘ ਢਿੱਲੋਂ ਤੋਂ ਇਲਾਵਾ ਆਈਜੀਪੀ (ਐਫਆਈਯੂ), ਆਈਜੀਪੀ (ਸੀਆਈ) ਅਤੇ ਆਈਜੀਪੀ (ਓਸੀਸੀਯੂ) ਡੀਆਈਜੀ (ਸੀਆਈ), ਏਆਈਜੀ, ਇੰਸਪੈਕਟਰ, ਐਸਐਚਓ, ਹੌਲਦਾਰ, ਸਿਪਾਹੀ, ਤੇ ਹੋਮਗਾਰਡ  ਜਵਾਨ ਰਾਤਰੀ ਭੋਜ ’ਤੇ ਹਾਜ਼ਰ ਸਨ। ਖਿੱਚ ਦਾ ਕੇਂਦਰ ਪੰਜ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰਨ ਵਾਲੀ ਟੀਮ ਸੀ, ਜਿਸ ਵਿੱਚ ਡੀਜੀਪੀ ਦਿਨਕਰ ਗੁਪਤਾ, ਆਈਜੀ ਅੰਮ੍ਰਿਤ ਪ੍ਰਸਾਦ, ਡੀਆਈਜੀ ਰਣਬੀਰ ਖੱਟੜਾ, ਐੱਸਐੱਸਪੀ ਮੋਗਾ ਰਣਜੀਤ ਸਿੰਘ, ਐੱਸਐੱਸਪੀ ਬਟਾਲਾ ਓਪਿੰਦਰਜੀਤ ਘੁੰਮਣ, ਐੱਸਐੱਸਪੀ ਖੰਨਾ ਨਵਜੋਤ ਮਾਹਲ, ਐੱਸਪੀ ਰਾਜਿੰਦਰ ਸਿੰਘ, ਐੱਸਪੀ ਵਜ਼ੀਰ ਸਿੰਘ, ਡੀਐੱਸਪੀ ਸੁਲੱਖਣ ਸਿੰਘ ਤੇ ਸਰਬਜੀਤ ਸਿੰਘ ਅਤੇ ਇੰਸਪੈਕਟਰ ਸੀਆਈਏ ਮੋਗਾ ਤੇ ਖੰਨਾ ਕਿੱਕਰ ਸਿੰਘ ਤੇ ਅਜੀਤ ਪਾਲ ਸਿੰਘ ਸ਼ਾਮਲ ਸਨ।