ਵੈਨਕੂਵਰ : ਕੈਨੇਡਾ ਦੌਰੇ ’ਤੇ ਆਏ ਪੰਜਾਬ ਅਤੇ ਯੂਪੀ ਦੇ ਸਾਬਕਾ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਪੰਜਾਬ ਦੇ ਨਿਘਾਰ ਲਈ ਸਿਆਸੀ ਆਗੂਆਂ ਦੀ ਖੁਦਗਰਜ਼ੀ ਜ਼ਿੰਮੇਵਾਰ ਹੈ। ਕਿਸੇ ਪਾਰਟੀ ਕੋਲ ਪੰਜਾਬ ਦੀ ਭਲਾਈ ਵਾਲੀ ਯੋਜਨਾ ਨਹੀਂ ਹੈ ਤੇ ਨਾ ਹੀ ਇਨ੍ਹਾਂ ’ਚੋਂ ਕੋਈ ਪੰਜਾਬੀ ਮਾਨਸਿਕਤਾ ਸਮਝ ਕੇ ਉਸ ਦੇ ਹੱਲ ਪ੍ਰਤੀ ਸੰਜੀਦਾ ਹੈ। ਵੈਨਕੂਵਰ ਵਿੱਚ ਪੰਜਾਬੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹਰ ਪੱਖ ਤੋਂ ਨਿਘਾਰ ਦੇ ਰਸਤੇ ਪਏ ਪੰਜਾਬ ਨੂੰ ਮੁੜ ਪੈਰਾਂ ਸਿਰ ਕਰਨ ਲਈ ਕਿਸੇ ਕੱਦਾਵਰ ਜੁਝਾਰੂ ਆਗੂ ਦੀ ਲੋੜ ਹੈ, ਜਿਸ ’ਤੇ ਪੰਜਾਬ ਦੇ ਲੋਕ ਵਿਸ਼ਵਾਸ਼ ਕਰਦੇ ਹੋਣ।

ਉਨ੍ਹਾਂ ਕਿਹਾ ਕਿ ਹੁਣ ਤੱਕ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੇ ਆਮ ਆਦਮੀ ਪਾਰਟੀ ’ਚੋਂ ਕਿਸੇ ਨੇ ਪੰਜਾਬ ਦੀਆਂ ਸਮੱਸਿਆਵਾਂ ਦੇ ਹੱਲ ਪ੍ਰਤੀ ਗੰਭੀਰਤਾ ਨਹੀਂ ਦਿਖਾਈ। ਸਾਰਿਆਂ ਨੇ ਆਪਣੇ ਘਰ ਭਰਨ ਨੂੰ ਪਹਿਲ ਦਿੱਤੀ ਹੈ। ਉਨ੍ਹਾਂ ਪੰਜਾਬ ਨੂੰ ਦਰਪੇਸ਼ ਵੱਡੀਆਂ ਸਮੱਸਿਆਵਾਂ ਗਿਣਵਾਉਂਦਿਆਂ ਕਿਹਾ ਕਿ ਪੰਜਾਬ ਦੇ ਆਗੂਆਂ ਕੋਲ ਚੋਣਾਂ ਲੜਨ ਅਤੇ ਜਿੱਤਣ ਲਈ ਘਟੀਆ ਦਰਜੇ ਦੇ ਹਥਕੰਡੇ ਅਜ਼ਮਾਉਣ ਤੋਂ ਬਿਨਾ ਕੋਈ ਕੰਮ ਨਹੀਂ। ਉਨ੍ਹਾਂ ਕਿਹਾ ਕਿ ਸ਼ਾਇਦ ਹੁਣ ਲੋਕਾਂ ਨੂੰ ਸੱਚੇ ਅਤੇ ਝੂਠੇ ਦੀ ਪਛਾਣ ਹੋਣ ਲੱਗ ਪਈ ਹੈ। ਪੰਜਾਬ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਵਰਗੇ ਬੇਦਾਗ਼ ਅਤੇ ਸੇਵਕ ਆਗੂਆਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਪੰਜਾਬੀ ਆਗੂ ਕੈਨੇਡਾ ਆਏ ਤਾਂ ਉਸ ਦੇ ਸਵਾਗਤ ਮੌਕੇ ਗੁਲਦਸਤਿਆਂ ਦੀ ਥਾਂ ਮੰਗ ਪੱਤਰ ਦਿੱਤੇ ਜਾਣ। ਇਸ ਮੌਕੇ ਪ੍ਰੋ. ਬਾਵਾ ਸਿੰਘ, ਚਮਕੌਰ ਸਿੰਘ ਸੇਖੋਂ, ਨਵਦੀਪ ਸਿੰਘ ਗਿੱਲ ਮੰਡੀ ਕਲਾਂ, ਰੁਪਿੰਦਰ ਕੌਰ ਸਿੱਧੂ, ਕਵੀ ਮੋਹਨ ਗਿੱਲ, ਸੁਰਜੀਤ ਮਾਧੋਪੁਰੀ ਵੀ ਹਾਜ਼ਰ ਸਨ।