ਕੋਲਕਾਤਾ, ਅੰਗੂਠੇ ਦੀ ਸੱਟ ਕਰਕੇ ਕੌਮੀ ਕ੍ਰਿਕਟ ਅਕਾਦਮੀ (ਐਨਸੀਏ) ਵਿੱਚ ਰਿਹੈਬਿਲੀਟੇਸ਼ਨ ਪ੍ਰੋਗਰਾਮ ’ਚੋਂ ਲੰਘ ਰਹੇ ਭਾਰਤੀ ਟੈਸਟ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਫ਼ਿਜ਼ੀਓ ਦੀ ਕਥਿਤ ਅਣਗਹਿਲੀ ਦੇ ਚਲਦਿਆਂ ਕਰੀਅਰ ਨੂੰ ਢਾਹ ਲਾਉਣ ਵਾਲੀ ਮੋੋਢੇ ਦੀ ਸੱਟ ਨਾਲ ਜੂਝ ਰਿਹਾ ਹੈ। ਬੀਸੀਸੀਆਈ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਾਹਾ ਦੀ ਇਹ ਸੱਟ ਬੰਗਲੌਰ ਸਥਿਤ ਐਨਸੀਏ ਵਿੱਚ ਰਿਹੈਬਿਲੀਟੇਸ਼ਨ ਪ੍ਰੋਗਰਾਮ ਵਿੱਚ ਗੜਬੜੀ ਕਾਰਨ ਉਭਰੀ ਹੈ। ਸੂਤਰਾਂ ਮੁਤਾਬਕ ਸਾਹਾ ਨੂੰ ਅਗਲੇ ਮਹੀਨੇ ਬ੍ਰਿਟੇਨ ’ਚ ਸਰਜਰੀ ਕਰਾਉਣੀ ਹੋਵੇਗੀ, ਜਿਸ ਕਰਕੇ ਉਸ ਨੂੰ ਸਾਲ ਦੇ ਆਖਿਰ ’ਚ ਆਸਟਰੇਲੀਆ ਦੌਰ ’ਤੇ ਜਾਣ ਵਾਲੀ ਟੀਮ ਤੋਂ ਬਾਹਰ ਪੈਣਾ ਪੈ ਸਕਦਾ ਹੈ।
ਭਾਰਤੀ ਕ੍ਰਿਕਟ ਬੋਰਡ ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਖ਼ਬਰ ਏਜੰਸੀ ਨੂੰ ਕਿਹਾ, ‘ਸਾਹਾ ਦਾ ਰਿਹੈਬਿਲੀਟੇਸ਼ਨ ਗ਼ਲਤ ਤਰੀਕੇ ਨਾਲ ਕੀਤਾ ਗਿਆ ਹੈ। ਐਨਸੀਏ ਫ਼ਿਜ਼ੀਓ ਨੇ ਬਹੁਤ ਵੱਡੀ ਗ਼ਲਤੀ ਕੀਤੀ ਹੈ। ਹੁਣ ਇਹ ਖਿਡਾਰੀ ਸਰਜਰੀ ਮਗਰੋਂ ਹੀ ਮੈਦਾਨ ’ਤੇ ਵਾਪਸੀ ਕਰ ਸਕੇਗਾ।