ਲੁਧਿਆਣਾ, 7 ਸਤੰਬਰ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੁਧਿਆਣਾ ਦੇ ਸਾਹਨੇਵਾਲ ਹਵਾਈ ਅੱਡੇ ਤੋਂ ਦਿੱਲੀ ਦੇ ਹਿੰਡਨ ਏਅਰਪੋਰਟ ਲਈ ਉਡਾਣ ਦੀ ਰਸਮੀ ਸ਼ੁਰੂਆਤ ਕੀਤੀ। ਲੁਧਿਆਣਾ ਤੋਂ ਐੱਨਸੀਆਰ (ਕੌਮੀ ਰਾਜਧਾਨੀ ਖੇਤਰ) ਲਈ ਹਵਾਈ ਆਵਾਜਾਈ ਪਿਛਲੇ ਦੋ ਸਾਲਾਂ ਤੋਂ ਬੰਦ ਪਈ ਸੀ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪਹਿਲੇ ਤਿੰਨ ਮਹੀਨਿਆਂ ਲਈ ਲੁਧਿਆਣਾ ਤੋਂ ਐੱਨਸੀਆਰ ਦੇ ਹਵਾਈ ਸਫ਼ਰ ਦਾ ਕਿਰਾਇਆ ਸਿਰਫ਼ 999 ਰੁਪਏ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਉਡਾਣ ਨਾਲ ਸਨਅਤੀ ਸ਼ਹਿਰ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਹ ਉਡਾਣ ਮੈਸਰਜ਼ ਬਿੱਗ ਚਾਰਟਰ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ ਫਲਾਈ ਬਿੱਗ ਏਅਰਲਾਈਨਜ਼ ਦੇ ਨਾਂ ਉਤੇ ਚਲਾਈ ਜਾਵੇਗੀ। ਸ਼ੁਰੂਆਤ ਵਿੱਚ ਇਹ ਉਡਾਣ ਪੰਜ ਦਿਨਾਂ ਲਈ ਸ਼ੁਰੂ ਕੀਤੀ ਜਾਵੇਗੀ, ਪਰ ਅਗਲੇ ਮਹੀਨੇ ਤੋਂ ਇਹ ਪੂਰੇ ਹਫ਼ਤੇ ਲਈ ਚਲਾਈ ਜਾਵੇਗੀ। ਇਸ ਉਡਾਣ ਰਾਹੀਂ ਲੁਧਿਆਣਾ ਤੋਂ ਹਿੰਡਨ (ਗਾਜ਼ੀਆਬਾਦ) ਪਹੁੰਚਣ ਲਈ 90 ਮਿੰਟ ਦਾ ਸਮਾਂ ਲੱਗੇਗਾ। ਮੁੱਖ ਮੰਤਰੀ ਨੇ ਕਿਹਾ ਕਿ ਲੁਧਿਆਣਾ ਤੋਂ ਐੱਨਸੀਆਰ ਦਾ ਸਫ਼ਰ ਸਿਰਫ਼ 999 ਰੁਪਏ ਦਾ ਹੋਵੇਗਾ, ਜੋ ਬੱਸ ਸਫ਼ਰ ਨਾਲੋਂ ਸਸਤਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਦਾ ਇਕੋ-ਇਕ ਮੰਤਵ ਸੂਬੇ ਦੇ ਲੋਕਾਂ ਦੀ ਸੁਰੱਖਿਅਤ, ਸਸਤੇ ਤੇ ਆਰਾਮਦਾਇਕ ਹਵਾਈ ਸਫ਼ਰ ਤੱਕ ਪਹੁੰਚ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਇਲਾਕੇ ਦੇ ਉੱਦਮੀਆਂ, ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਦੇਸ਼ ਦੇ ਹੋਰ ਹਿੱਸਿਆਂ ਨਾਲ ਆਵਾਜਾਈ ਵਿੱਚ ਵੱਡੀ ਸਹੂਲਤ ਮਿਲੇਗੀ, ਜਿਸ ਨਾਲ ਵਪਾਰ, ਕਾਰੋਬਾਰ ਤੇ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਆਰ.ਸੀ.ਐਸ. ਸਕੀਮ ਅਧੀਨ ਨਵਾਂ ਰੂਟ ਹਿੰਡਨ-ਲੁਧਿਆਣਾ-ਹਿੰਡਨ, ਬਿਗ ਚਾਰਟਰ ਪ੍ਰਾਈਵੇਟ ਲਿਮਟਿਡ ਕੰਪਨੀ ਨੂੰ ਦਿੱਤਾ ਗਿਆ ਹੈ। ਏਅਰਲਾਈਨ ਨੇ ਇਸ ਰੂਟ ਉਤੇ ਆਪਣੇ 19 ਸੀਟਾਂ ਵਾਲੇ ਟਵਿਨ ਓਟਰ ਜਹਾਜ਼ ਜ਼ਰੀਏ ਵਪਾਰਕ ਉਡਾਣਾਂ ਦੀ ਸ਼ੁਰੂਆਤ ਕੀਤੀ ਹੈ। ਇਹ ਟਰਾਂਸਪੋਰਟ ਜਹਾਜ਼ ਛੋਟੀ ਹਵਾਈ ਪੱਟੀ ਤੋਂ ਉਡਾਣ ਭਰਨ ਅਤੇ ਉਤਰਨ ਦੇ ਯੋਗ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਸਸਤੀਆਂ ਦਰਾਂ ਉਤੇ ਆਵਾਜਾਈ ਦੀ ਸਹੂਲਤ ਮੁਹੱਈਆ ਕਰਨ ਲਈ ਸੂਬਾ ਸਰਕਾਰ ਨੇ ਆਪਣੇ ਪੱਲਿਓਂ ਇਨ੍ਹਾਂ ਸਾਰੀਆਂ 19 ਟਿਕਟਾਂ ਉਤੇ ਪੈਂਦੀ ਵਾਈਬਿਲਟੀ ਗੈਪ ਫੰਡਿੰਗ (ਵੀ.ਜੀ.ਐਫ.) ਦਾ ਭੁਗਤਾਨ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ 19 ਸੀਟਾਂ ਉਤੇ ਵੀ.ਜੀ.ਐਫ. ਦਾ ਇਕ ਪਾਸੇ ਦੇ ਪ੍ਰਤੀ ਟਿਕਟ 11,829 ਰੁਪਏ ਸੂਬਾ ਸਰਕਾਰ ਵੱਲੋਂ ਦਿੱਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਯਾਤਰੀਆਂ ਦੀ ਸਹੂਲਤ ਲਈ ਸੂਬੇ ਦੇ ਹੋਰ ਹਵਾਈ ਅੱਡਿਆਂ ਤੋਂ ਵੀ ਉਡਾਣਾਂ ਛੇਤੀ ਸ਼ੁਰੂ ਕੀਤੀਆਂ ਜਾਣਗੀਆਂ। ਆਦਮਪੁਰ ਵਿੱਚ ਏਅਰ ਟਰਮੀਨਲ ਤਿਆਰ ਹੈ ਅਤੇ ਸਪਾਈਸ ਜੈੱਟ ਏਅਰਲਾਈਨ ਅਗਲੇ ਦੋ ਮਹੀਨਿਆਂ ਵਿੱਚ ਆਦਮਪੁਰ ਤੋਂ ਨਾਂਦੇੜ, ਦਿੱਲੀ, ਗੋਆ, ਕੋਲਕਾਤਾ ਤੇ ਬੰਗਲੌਰ ਲਈ ਰੋਜ਼ਾਨਾ ਉਡਾਣ ਸ਼ੁਰੂ ਕਰੇਗੀ। ਸਟਾਰ ਅਲਾਇੰਸ ਕੰਪਨੀ ਵੀ ਆਦਮਪੁਰ ਤੋਂ ਹਿੰਡਨ ਲਈ ਰੋਜ਼ਾਨਾ ਇਕ ਉਡਾਣ ਸ਼ੁਰੂ ਕਰੇਗੀ। ਅਗਲੇ ਦੋ ਮਹੀਨਿਆਂ ਵਿੱਚ ਅਲਾਇੰਸ ਏਅਰ ਤੇ ਫਲਾਈ ਬਿੱਲ ਕੰਪਨੀ ਵੱਲੋਂ ਕ੍ਰਮਵਾਰ ਬਠਿੰਡਾ ਤੋਂ ਦਿੱਲੀ, ਬਠਿੰਡਾ ਤੋਂ ਹਿੰਡਨ ਹਵਾਈ ਅੱਡਿਆਂ ਲਈ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਹਲਵਾਰਾ ਹਵਾਈ ਅੱਡਾ ਨਵੰਬਰ ਦੇ ਅੰਤ ਤੱਕ ਕਾਰਜਸ਼ੀਲ ਹੋ ਜਾਵੇਗਾ।