ਨਵੀਂ ਦਿੱਲੀ, 20 ਦਸੰਬਰ

ਕੇਂਦਰ ਸਰਕਾਰ ਨੇ ਸੋਮਵਾਰ ਨੂੰ ਲੋਕ ਸਭਾ ਨੂੰ ਜਾਣਕਾਰੀ ਦਿੱਤੀ ਕਿ ਸਾਲ 2014 ਤੋਂ ਲੈ ਕੇ 2021 ਤੱਕ ਆਈਆਈਟੀ, ਆਈਆਈਐੱਮ ਤੇ ਕੇਂਦਰੀ ਯੂਨੀਰਵਰਸਿਟੀਆਂ ਅਤੇ ਕੇਂਦਰ  ਤੋਂ ਫੰਡਾਂ ਪ੍ਰਾਪਤ ਕਰਦੀਆਂ ਹੋਰਨਾਂ ਉੱਚ ਸਿੱਖਿਆ ਸੰਸਥਾਵਾਂ ਦੇ 122 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ ਹੈ। ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਲੋਕ ਸਭਾ ਵਿੱਚ ਲਿਖਤੀ ਜਾਵਾਬ ਵਿੱਚ ਕਿਹਾ ਕਿ ਖ਼ੁਦਕੁਸ਼ੀ ਕਰਨ ਵਾਲੇ 122 ਵਿਦਿਆਰਥੀਆਂ ਵਿੱਚੋਂ 24 ਵਿਦਿਆਰਥੀ ਅਨੁਸੂਚਿਤ ਜਾਤੀ (ਐੱਸਸੀ), 41 ਪੱਛੜੀਆਂ ਸ਼੍ਰੇਣੀਆਂ (ਬੀਸੀ) ਅਤੇ ਤਿੰਨ ਅਨੁਸੂਚਿਤ ਕਬੀਲੇ (ਐੱਸਟੀ) ਵਰਗ ਨਾਲ ਸਬੰਧਿਤ ਸਨ। ਜਦਕਿ ਤਿੰਨ ਵਿਦਿਆਰਥੀ ਘੱਟਗਿਣਤੀ ਵਰਗ ਨਾਲ ਸਬੰਧਿਤ ਸਨ। ਮੰਤਰੀ ਵੱਲੋਂ ਸਾਂਝੇ ਕੀਤੇ ਅੰਕੜਿਆਂ ਮੁਤਾਬਕ ਉਕਤ ਸਮੇਂ ਦੌਰਾਨ ਖ਼ੁਦਕੁਸ਼ੀ ਦੀਆਂ 121 ਘਟਨਾਵਾਂ ਇੰਡੀਅਨ ਇੰਸਟੀਚਿਊਟਸ ਆਫ ਟੈਕਨਾਲੋਜੀ (ਆਈਆਈਟੀਜ਼), ਇੰਡੀਅਨ ਇੰਸਟੀਚਿਊਟਸ ਆਫ ਮੈਨਜਮੈਂਟ (ਆਈਆਈਐੱਮ) ਅਤੇੇ ਇੰਡੀਅਨ ਇੰਸਟੀਚਿਊਟਸ ਆਫ ਸਾਇੰਸ (ਆਈਆਈਐੱਸਸੀ) ਕੇਂਦਰੀ ਯੂਨੀਵਰਿਸਟੀਆਂ ਅਤੇ ਹੋਰ ਸਿੱਖਿਆ ਅਦਾਰਿਆਂ ਵਿੱਚ ਵਾਪਰੀਆਂ।