ਬਠਿੰਡਾ : ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੋ ਦਸੰਬਰ ਨੂੰ ਹੋਏ ਪੰਜ ਸਿੰਘ ਸਾਹਿਬਾਨ ਦੇ ਫੈਸਲਿਆਂ ਨੂੰ ਬਦਲਣ ਸਬੰਧੀ ਜੇਕਰ ਕੋਈ ਭਵਿੱਖ ਵਿਚ ਇਕੱਤਰਤਾ ਹੋਵੇਗੀ ਤੇ ਉਹ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ‘ਚ ਸ਼ਾਮਲ ਨਹੀਂ ਹੋਣਗੇ। ਵਿਰਸਾ ਸਿੰਘ ਵਲਟੋਹਾ ਦੇ ਨਾਲ 15 ਅਕਤੂਬਰ ਨੂੰ ਸਕੱਤਰੇਤ ਵਿਖੇ ਹੋਈ ਗੱਲਬਾਤ ਦੌਰਾਨ ਤਲਖੀ ਦੀ ਵੀਡੀਓ ਸਬੰਧੀ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਲਾ-ਸਾਲੀ ਕਹਿਣਾ ਮਲਵੱਈਆਂ ਦੀ ਭਾਸ਼ਾ ‘ਚ ਸ਼ਾਮਲ ਹੈ ਤੇ ਗੱਲਬਾਤ ਕਰਦਿਆਂ ਅਜਿਹਾ ਮੂੰਹੋਂ ਨਿਕਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਿਰਫ 27 ਸੈਕਿੰਡ ਦੀ ਵੀਡੀਓ ਜਾਰੀ ਕੀਤੀ ਗਈ ਹੈ ਇਹ ਵੀਡੀਓ ਸਿਰਫ ਤਾਂ ਸਿਰਫ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਪਾਸ ਸੀ। ਉਨ੍ਹਾਂ ਨੂੰ ਨਹੀਂ ਪਤਾ ਕਿ ਇਹ ਵੀਡੀਓ ਬਾਹਰ ਕਿਸ ਤਰ੍ਹਾਂ ਆਈ ਹੈ। ਉਨ੍ਹਾਂ ਕਿਹਾ ਕਿ ਇਹ ਪੂਰੀ ਵੀਡੀਓ ਡੇਢ ਘੰਟੇ ਦੀ ਹੈ ਜਿਸ ਨੂੰ ਜਨਤਕ ਕਰਨਾ ਚਾਹੀਦਾ ਹੈl ਸੰਗਤਾਂ ਜਦ ਇਸ ਵੀਡੀਓ ਨੂੰ ਸੁਣਨਗੀਆਂ ਤਾਂ ਇਹੋ ਹੀ ਕਹਿਣਗੀਆਂ ਕਿ ਵਿਰਸਾ ਸਿੰਘ ਵਲਟੋਹਾ ਖਿਲਾਫ਼ ਹੋਰ ਸਖਤ ਫੈਸਲਾ ਕਿਉਂ ਨਹੀਂ ਲਿਆ ਗਿਆ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਹੁਣ ਅਸਤੀਫਾ ਨਹੀਂ ਦੇਣਗੇ ਦੋ ਮਹੀਨੇ ਪਹਿਲੋਂ ਦਿੱਤਾ ਹੋਇਆ ਅਸਤੀਫਾ ਜੇਕਰ ਸ਼੍ਰੋਮਣੀ ਕਮੇਟੀ ਪ੍ਰਵਾਨ ਕਰਨਾ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮਿਲੀ ਰਿਹਾਇਸ਼ ਨੂੰ ਖਾਲੀ ਕਰ ਚੁੱਕੇ ਹਨ। ਹੁਣ ਤਾਂ ਸਿਰਫ ਬੱਚਿਆਂ ਨੂੰ ਸ਼ਿਫਟ ਕਰਨਾ ਬਾਕੀ ਹੈ। ਜੇਕਰ ਸ਼੍ਰੋਮਣੀ ਕਮੇਟੀ ਉਹਨਾਂ ਦੀਆਂ ਸੇਵਾਵਾਂ ਖਤਮ ਕਰਨਾ ਚਾਹੁੰਦੀ ਹੈ ਤਾਂ ਉਹ ਕਰ ਸਕਦੀ ਹੈ। ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂl ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਅਸਤੀਫ਼ੇ ਪ੍ਰਵਾਣ ਕਰਨ ਨੂੰ ਦਿੱਤੇ ਤਿੰਨ ਦਿਨ ਦੇ ਸਮੇਂ ਨੂੰ ਵਧਾਉਣ ਸਬੰਧੀ ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਪਾਸ ਇਸ ਤਰ੍ਹਾਂ ਕਰਨ ਦੇ ਅਧਿਕਾਰ ਖੇਤਰ ਹਨ ਪਰ ਜੇਕਰ ਭਵਿੱਖ ਵਿਚ ਕੋਈ 2 ਦਸੰਬਰ ਨੂੰ ਹੋਏ ਫੈਸਲਿਆਂ ਨੂੰ ਬਦਲਣ ਸੰਬੰਧੀ ਕੋਈ ਇਕੱਤਰਤਾ ਸੱਦੀ ਜਾਵੇਗੀ ਤਾਂ ਉਹ ਸ਼ਾਮਿਲ ਨਹੀਂ ਹੋਣਗੇ l