ਲਿਵਰਪੂਲ, 29 ਅਕਤੂਬਰ
ਮੁਹੰਮਦ ਸਾਲਾਹ ਨੇ ਲਿਵਰਪੂਲ ਲਈ ਆਪਣੇ ਕਰੀਅਰ ਦਾ 50ਵਾਂ ਗੋਲ ਦਾਗ਼ਿਆ, ਜਿਸ ਨਾਲ ਉਸ ਦੀ ਟੀਮ ਨੇ ਪ੍ਰੀਮੀਅਰ ਲੀਗ ਫੁਟਬਾਲ ਟੂਰਨਾਮੈਂਟ ਵਿੱਚ ਟੋਟੇਨਹੈਮ ਨੂੰ 2-1 ਗੋਲਾਂ ਨਾਲ ਹਰਾ ਕੇ ਮੁੜ ਤੋਂ ਸੂਚੀ ਵਿੱਚ ਛੇ ਅੰਕਾਂ ਦੀ ਲੀਡ ਬਣਾ ਲਈ ਹੈ।
ਹੈਰੀ ਕੇਨ ਨੇ ਮੈਚ ਦੇ ਸਿਰਫ਼ 47ਵੇਂ ਸੈਕਿੰਡ ਵਿੱਚ ਹੀ ਗੋਲ ਕਰਕੇ ਟੋਟੇਨਹੈਮ ਨੂੰ ਲੀਡ ਦਿਵਾਈ ਸੀ। ਜੌਰਡਨ ਹੈਂਡਰਸਨ ਨੇ 52ਵੇਂ ਮਿੰਟ ਵਿੱਚ ਬਰਾਬਰੀ ਦਾ ਗੋਲ ਕੀਤਾ, ਜਦਕਿ ਸਾਲਾਹ ਨੇ 75ਵੇਂ ਮਿੰਟ ਵਿੱਚ ਪੈਨਲਟੀ ’ਤੇ ਗੋਲ ਕਰਕੇ ਲਿਵਰਪੂਲ ਨੂੰ ਲੀਡ ਦਿਵਾਈ। ਉਸ ਦਾ ਇਹ ਗੋਲ ਅਖ਼ੀਰ ਵਿੱਚ ਫ਼ੈਸਲਾਕੁਨ ਸਾਬਤ ਹੋਇਆ। ਮੈਚ ਖ਼ਤਮ ਹੋਣ ਦੇ ਆਖ਼ਰੀ ਪਲਾਂ ਦੌਰਾਨ ਸਾਲਾਹ ਦੇ ਗੋਡੇ ’ਤੇ ਸੱਟ ਲੱਗ ਗਈ ਸੀ। ਉਹ ਲੰਗ ਮਾਰਦਾ ਹੋਇਆ ਮੈਦਾਨ ’ਚੋਂ ਬਾਹਰ ਆਇਆ। ਇੱਕ ਹੋਰ ਮੈਚ ਵਿੱਚ ਮੈਨਚੈਸਟਰ ਯੂਨਾਈਟਿਡ ਨੇ ਨੋਰਵਿਚ ਸਿਟੀ ਨੂੰ 3-1 ਨਾਲ ਸ਼ਿਕਸਤ ਦਿੱਤੀ। ਯੂਨਾਈਟਿਡ ਵੱਲੋਂ ਸਕੌਟ ਮੈਕਟੋਮਿਨੀ (21ਵੇਂ), ਮਾਰਕਸ ਰਸਫੋਰਡ (30ਵੇਂ) ਅਤੇ ਐਂਥਨੀ ਮਾਰਸ਼ਲ (73ਵੇਂ ਮਿੰਟ) ਨੇ ਗੋਲ ਕੀਤੇ। ਨੋਰਵਿਚ ਲਈ ਇਕਲੌਤਾ ਗੋਲ ਓਨੇਲ ਹਰਨਾਡੇਜ਼ ਨੇ 88ਵੇਂ ਮਿੰਟ ਵਿੱਚ ਦਾਗ਼ਿਆ। ਆਰਸੇਨਲ ਅਤੇ ਕ੍ਰਿਸਟਲ ਪੈਲੇਸ ਦਾ ਮੈਚ 2-2 ਨਾਲ, ਜਦਕਿ ਨਿਊਕਾਸਟਲ ਅਤੇ ਵੋਲਵਜ਼ ਦਾ ਮੈਚ 1-1 ਨਾਲ ਬਰਾਬਰੀ ’ਤੇ ਰਿਹਾ।













