ਚੰਡੀਗੜ੍ਹ: ਹਰਿਆਣਾ ਦੇ ਪੰਚਕੂਲਾ ਵਿੱਚ ਪੰਜਾਬ ਦੇ ਸਾਬਕਾ ਪੁਲਿਸ ਡਾਇਰੈਕਟਰ ਜਨਰਲ ਮੁਹੰਮਦ ਮੁਸਤਫਾ ਨੇ ਆਪਣੇ ਪੁੱਤਰ ਅਕੀਲ ਅਖਤਰ ਦੀ ਮੌਤ ਦੇ ਮਾਮਲੇ ਵਿੱਚ ਦਰਜ ਹੋਏ ਕੇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਪਹਿਲੀ ਵਾਰ ਖੁੱਲ੍ਹ ਕੇ ਆਪਣੇ ਪੁੱਤਰ ਦੀ ਮਾਨਸਿਕ ਸਥਿਤੀ ਅਤੇ ਘਟਨਾਵਾਂ ਬਾਰੇ ਚਰਚਾ ਕੀਤੀ।

ਮੁਸਤਫਾ ਨੇ ਦੱਸਿਆ ਕਿ ਅਕੀਲ ਅਖਤਰ ਮਾਨਸਿਕ ਤੌਰ ‘ਤੇ ਬੀਮਾਰ ਸੀ ਅਤੇ ਉਸ ਨੂੰ ਆਪਣੇ ਕੀਤੇ ਕੰਮਾਂ ਦੀ ਸਮਝ ਨਹੀਂ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਅਕੀਲ ਨੇ ਉਨ੍ਹਾਂ ਦੇ ਕਮਰੇ ਵਿੱਚ ਅੱਗ ਲਗਾਈ ਸੀ ਅਤੇ ਕਈ ਵਾਰ ਆਪਣੀ ਮਾਂ ‘ਤੇ ਹਮਲਾ ਵੀ ਕੀਤਾ। ਨਾਲ ਹੀ, ਉਸ ਨੇ ਪੁਲਿਸ ਮੁਲਾਜ਼ਮਾਂ ‘ਤੇ ਵੀ ਹੱਥ ਚੁੱਕਿਆ ਸੀ।

ਪੁੱਤਰ ਦੀ ਮੌਤ ਅਤੇ ਪਰਿਵਾਰਕ ਰਿਸ਼ਤਿਆਂ ਬਾਰੇ ਸਵਾਲਾਂ ਦੇ ਜਵਾਬ ਦਿੰਦਿਆਂ ਮੁਸਤਫਾ ਨੇ ਕਿਹਾ, “ਇਹ ਇੱਕ ਅਤਿ ਦੁਖਦਾਈ ਘਟਨਾ ਹੈ। ਸਿਰਫ਼ ਉਹੀ ਸਮਝ ਸਕਦਾ ਹੈ ਜਿਸ ਨੇ ਆਪਣਾ ਪੁੱਤਰ ਗੁਆਇਆ ਹੋਵੇ। ਦੁਨੀਆਂ ਵਿੱਚ ਇਸ ਤੋਂ ਵੱਡਾ ਦੁੱਖ ਕੋਈ ਨਹੀਂ।” ਉਨ੍ਹਾਂ ਨੇ ਅਫ਼ਸੋਸ ਜਤਾਇਆ ਕਿ ਕੁਝ ਲੋਕ ਉਨ੍ਹਾਂ ਦੇ ਜ਼ਖਮਾਂ ‘ਤੇ ਨਮਕ ਛਿੜਕ ਰਹੇ ਹਨ, ਪਰ ਉਹ ਇਸ ਤੋਂ ਘਬਰਾਉਣ ਵਾਲੇ ਨਹੀਂ।