ਸਾਬਕਾ ਭਾਰਤੀ ਕ੍ਰਿਕਟਰ ਸੰਜੇ ਬਾਂਗੜ ਦੇ ਬੇਟੇ ਆਰੀਅਨ ਨੇ ਆਪਣਾ ਜੈਂਡਰ ਬਦਲ ਲਿਆ ਹੈ। ਹੁਣ ਉਹ ਆਰੀਅਨ ਤੋਂ ਅਨਾਇਆ ਵਿੱਚ ਬਦਲ ਗਿਆ। ਬਾਂਗੜ ਦੇ ਬੇਟੇ ਨੇ ਆਪਣੇ 10 ਮਹੀਨਿਆਂ ਦੇ ਹਾਰਮੋਨਲ ਟਰਾਂਸਫਾਰਮੇਸ਼ਨ ਨਾਲ ਜੁੜੀ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਪੋਸਟ ‘ਚ ਸਾਬਕਾ ਕ੍ਰਿਕਟਰ ਦੇ ਬੇਟੇ, ਜਿਸ ਨੇ ਆਪਣਾ ਯੂਜ਼ਰ ਨੇਮ ਬਦਲ ਕੇ ਅਨਾਇਆ ਰੱਖਿਆ ਹੈ, ਨੇ ਪੁਸ਼ਟੀ ਕੀਤੀ ਹੈ ਕਿ ਜੈਂਡਰ ਬਦਲਣ ਦੀ ਸਰਜਰੀ ਨੂੰ 11 ਮਹੀਨੇ ਹੋ ਗਏ ਹਨ।
ਅਨਾਇਆ ਵੀ ਆਪਣੇ ਪਿਤਾ ਸੰਜੇ ਵਾਂਗ ਇੱਕ ਕ੍ਰਿਕਟਰ ਹੈ ਅਤੇ ਇੱਕ ਖੱਬੇ ਹੱਥ ਦੀ ਬੱਲੇਬਾਜ਼ ਹੈ, ਜੋ ਇੰਗਲੈਂਡ ਵਿੱਚ ਸਥਾਨਕ ਕ੍ਰਿਕਟ ਕਲੱਬ ਇਸਲਾਮ ਜਿਮਖਾਨਾ ਲਈ ਖੇਡਦੀ ਹੈ। ਉਹ ਇਸ ਤੋਂ ਪਹਿਲਾਂ ਹਿਨਕਲੇ ਕ੍ਰਿਕਟ ਕਲੱਬ, ਲੈਸਟਰਸ਼ਾਇਰ ਦੀ ਨੁਮਾਇੰਦਗੀ ਵੀ ਕਰ ਚੁੱਕਾ ਹੈ ਅਤੇ ਕਾਫੀ ਦੌੜਾਂ ਬਣਾ ਚੁੱਕਾ ਹੈ। ਭਾਵੇਂ ਅਨਾਇਆ ਨੇ ਕ੍ਰਿਕਟ ਖੇਡਣਾ ਛੱਡ ਦਿੱਤਾ ਹੈ, ਪਰ ਉਹ ਆਪਣੇ ਅਸਲੀ ਰੂਪ ਨੂੰ ਦੇਖ ਕੇ ਖੁਸ਼ ਹੈ।
ਉਸ ਨੇ ਕਿਹਾ, ”ਕ੍ਰਿਕਟ ਛੋਟੀ ਉਮਰ ਤੋਂ ਹੀ ਮੇਰੀ ਜ਼ਿੰਦਗੀ ਦਾ ਹਿੱਸਾ ਰਿਹਾ ਹੈ। ਵੱਡਾ ਹੋ ਕੇ, ਮੈਂ ਆਪਣੇ ਪਿਤਾ ਨੂੰ ਭਾਰਤ ਲਈ ਖੇਡਦੇ ਅਤੇ ਕੋਚਿੰਗ ਕਰਦੇ ਹੋਏ ਦੇਖਿਆ। ਥੋੜ੍ਹੇ ਸਮੇਂ ਵਿੱਚ, ਮੈਂ ਉਸ ਦੇ ਨਕਸ਼ੇ-ਕਦਮਾਂ ‘ਤੇ ਚੱਲਣ ਦੇ ਸੁਪਨੇ ਵੇਖਣ ਲੱਗ ਪਿਆ। ਕ੍ਰਿਕਟ ਪ੍ਰਤੀ ਉਨ੍ਹਾਂ ਦਾ ਜਨੂੰਨ, ਅਨੁਸ਼ਾਸਨ ਅਤੇ ਸਮਰਪਣ ਮੇਰੇ ਲਈ ਪ੍ਰੇਰਨਾਦਾਇਕ ਸੀ। ਕ੍ਰਿਕਟ ਮੇਰਾ ਪਿਆਰ, ਮੇਰੀ ਅਭਿਲਾਸ਼ਾ ਅਤੇ ਮੇਰਾ ਭਵਿੱਖ ਬਣ ਗਿਆ। ਮੈਂ ਆਪਣੀ ਪੂਰੀ ਜ਼ਿੰਦਗੀ ਆਪਣੇ ਆਪ ਨੂੰ ਸੁਧਾਰਨ ਲਈ ਬਿਤਾਈ, ਉਮੀਦ ਹੈ ਕਿ ਇਕ ਦਿਨ ਮੈਨੂੰ ਵੀ ਉਸ ਵਰਗੇ ਦੇਸ਼ ਲਈ ਖੇਡਣ ਦਾ ਮੌਕਾ ਮਿਲੇਗਾ।”
ਹਾਰਮੋਨ ਟਰਾਂਸਫਾਰਮੇਸ਼ਨ ਸਰਜਰੀ ਅਤੇ ਇਸਦੇ ਬਾਅਦ ਦੇ ਪ੍ਰਭਾਵਾਂ ਬਾਰੇ ਗੱਲ ਕਰਦੇ ਹੋਏ ਅਨਾਇਆ ਨੇ ਕਿਹਾ, “ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਕ੍ਰਿਕਟ ਨੂੰ ਛੱਡ ਦੇਣਾ ਪਵੇਗਾ ਜੋ ਮੇਰਾ ਜਨੂੰਨ ਅਤੇ ਪਿਆਰ ਰਿਹਾ ਹੈ। ਪਰ ਹੁਣ ਮੈਂ ਇੱਕ ਦਰਦਨਾਕ ਸੱਚਾਈ ਦਾ ਸਾਹਮਣਾ ਕਰ ਰਹੀ ਹਾਂ। ਹਾਰਮੋਨ ਰਿਪਲੇਸਮੈਂਟ ਥੈਰੇਪੀ ਨਾਲ ਮੇਰੇ ਸਰੀਰ ਵਿੱਚ ਬਦਲਾਅ ਆਇਆ ਹੈ। ਜਦੋਂ ਤੋਂ ਮੈਂ ਇੱਕ ਟਰਾਂਸਵੂਮੈਨ ਬਣ ਗਈ ਹਾਂ, ਮੈਂ ਆਪਣੀ ਮਾਸਪੇਸ਼ੀਆਂ, ਤਾਕਤ ਅਤੇ ਅਥਲੈਟਿਕ ਸਟੈਮੀਨਾ ਗੁਆ ਰਹੀ ਹਾਂ, ਜਿਸ ਖੇਡ ਨੂੰ ਮੈਂ ਲੰਬੇ ਸਮੇਂ ਤੋਂ ਪਿਆਰ ਕਰਦਾ ਸੀ, ਉਹ ਹੁਣ ਮੇਰੇ ਤੋਂ ਦੂਰ ਹੋ ਰਿਹਾ ਹੈ। ”
ਸੰਜੇ ਬਾਂਗੜ 2014 ਤੋਂ 18 ਤੱਕ ਭਾਰਤੀ ਕ੍ਰਿਕੇਟ ਟੀਮ ਦੇ ਬੈਟਿੰਗ ਕੋਚ ਰਹੇ। ਉਨ੍ਹਾਂ ਨੇ ਰਵੀ ਸ਼ਾਸ਼ਤਰੀ ਦੇ ਹੈੱਡ ਕੋਚ ਰਹਿੰਦਿਆਂ ਵੀ ਇਹ ਰੋਲ ਨਿਭਾਇਆ ਸੀ। ਉਨ੍ਹਾਂ ਨੇ ਭਾਰਤ ਦੇ ਲਈ 12 ਟੈਸਟ ਤੇ 15 ਵਨਡੇ ਮੈਚ ਖੇਡੇ। ਬਾਂਗੜ ਨੇ IPL 2022 ਵਿੱਚ ਰਾਇਲ ਚੈਲੇਂਜਰਸ ਬੈਂਗਲੁਰੂ (RCB) ਦੇ ਹੈੱਡ ਕੋਚ ਵਜੋਂ ਵੀ ਕੰਮ ਕੀਤਾ ਹੈ।