ਓਟਾਵਾ, ਸਾਬਕਾ ਪੁਲਾੜ ਖੋਜੀ, ਸਾਇੰਸਦਾਨ, ਪਾਇਲਟ ਅਤੇ ਖਿਡਾਰਨ ‘ਜੂਲੀ ਪਾਇਐੱਟ’ ਨੂੰ ਕੈਨੇਡਾ ਦੀ ਗਵਰਨਰ ਜਨਰਲ ਬਣਾਇਆ ਗਿਆ ਹੈ। ਉਨ੍ਹਾਂ ਨੇ ਡੇਵਿਡ ਜੌਹਨਸਟੋਨ ਦੀ ਥਾਂ ਲਈ ਹੈ। 53 ਸਾਲਾ ਜੂਲੀ ਕੈਨੇਡਾ ਦੀ 29ਵੀਂ ਗਵਰਨਰ ਜਨਰਲ ਬਣੀ ਹੈ। ਜੂਲੀ ਨੇ ਸੋਮਵਾਰ ਨੂੰ ਸੈਨੇਟ ਚੈਂਬਰ ‘ਚ ਅਹੁਦਾ ਸੰਭਾਲਣ ਮਗਰੋਂ ਪਹਿਲਾ ਭਾਸ਼ਣ ਦਿੱਤਾ। ਉਸ ਨੇ ਆਪਣੇ ਭਾਸ਼ਣ ‘ਚ ਆਪਣੇ ਬਾਰੇ ਕੁੱਝ ਗੱਲਾਂ ਸਾਂਝੀਆਂ ਕੀਤੀਆਂ ਅਤੇ ਸਭ ਦਾ ਧੰਨਵਾਦ ਕੀਤਾ।
ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦਾ ਗਵਰਨਰ ਜਨਰਲ ਪ੍ਰਧਾਨ ਮੰਤਰੀ ਦੀ ਸਿਫਾਰਿਸ਼ ‘ਤੇ ਮਹਾਰਾਣੀ ਵੱਲੋਂ ਚੁਣਿਆ ਜਾਂਦਾ ਹੈ ਜਿਸ ਦਾ ਕਾਰਜਕਾਲ ਆਮ ਤੌਰ ‘ਤੇ ਪੰਜ ਸਾਲ ਹੁੰਦਾ ਹੈ। ਪਾਰਲੀਮੈਂਟ ਦੇ ਸੈਨੇਟ ਚੈਂਬਰ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਹੋਰ ਅਹਿਮ ਸ਼ਖ਼ਸੀਅਤਾਂ ਦੀ ਹਾਜ਼ਰੀ ‘ਚ ਚੀਫ ਜਸਟਿਸ ਬੈਵਰਲੀ ਮੈਕਲਾਕਲਿਨ ਨੇ ਜੂਲੀ ਨੂੰ ਗਵਰਨਰ ਜਨਰਲ ਤੋਂ ਇਲਾਵਾ ਦੇਸ਼ ਦੀ ਫੌਜ ਦੀ ‘ਕਮਾਂਡਰ ਇਨ ਚੀਫ’ ਵਜੋਂ ਸਹੁੰ ਚੁਕਾਈ। 1867 ਵਿੱਚ ਕੈਨੇਡਾ ਦੀ ਸਥਾਪਤੀ ਮਗਰੋਂ ਇਹ ਅਹੁਦਾ ਸੰਭਾਲਣ ਵਾਲੀ ਉਹ ਚੌਥੀ ਔਰਤ ਹੈ। ਉਸ ਨੇ ਕੈਨੇਡਾ ਵਿਚ ਬਰਤਾਨੀਆ ਦੀ ਰਾਣੀ ਦੇ ਨੁਮਾਇੰਦੇ ਵਜੋਂ ਡੇਵਿਡ ਜੌਹਨਸਟਨ ਦੀ ਥਾਂ ਅਹੁਦਾ ਸੰਭਾਲਿਆ। ਆਪਣੇ ਭਾਸ਼ਣ ‘ਚ ਉਸ ਨੇ ਜਲਵਾਯੂ, ਹਿਜਰਤ ਤੇ ਪ੍ਰਮਾਣੂ ਪਾਸਾਰ ਦੇ ਮੁੱਦਿਆਂ ਦੀ ਗੱਲ ਕੀਤੀ। 1869 ਵਿਚ ਗਵਰਨਰ ਜਨਰਲ ਦੀ ਤਨਖਾਹ 10 ਹਜ਼ਾਰ ਸਟਰਲਿੰਗ ਅਤੇ 1985 ‘ਚ 70 ਹਜ਼ਾਰ ਡਾਲਰ ਹੁੰਦੀ ਸੀ, ਜੋ ਹੁਣ 290,600 ਡਾਲਰ ਤੱਕ ਪਹੁੰਚ ਗਈ ਹੈ।