ਚਾਂਗਜ਼ੂ (ਚੀਨ), 7 ਸਤੰਬਰ
ਬੈਡਮਿੰਟਨ ਖਿਡਾਰੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਜੋੜੀ ਦੇ ਪਹਿਲੇ ਗੇੜ ਵਿੱਚ ਹਾਰਨ ਨਾਲ ਚਾਈਨਾ ਓਪਨ ਸੁਪਰ 1000 ਟੂਰਨਾਮੈਂਟ ਵਿੱਚ ਭਾਰਤ ਦੀ ਚੁਣੌਤੀ ਖਤਮ ਹੋ ਗਈ ਹੈ। ਭਾਰਤੀ ਜੋੜੀ ਨੂੰ ਮੁਹੰਮਦ ਸ਼ੋਹਿਬੁਲ ਫਿਕਰੀ ਅਤੇ ਮੌਲਾਨਾ ਬਾਗਾਸ ਦੀ ਇੰਡੋਨੇਸ਼ੀਆ ਦੀ ਜੋੜੀ ਨੇ 21-17, 11-21, 21-17 ਨਾਲ ਹਰਾਇਆ। ਮਿਕਸਡ ਡਬਲਜ਼ ਵਿੱਚ ਐੱਨ ਸਿੱਕੀ ਰੈੱਡੀ ਅਤੇ ਰੋਹਨ ਕਪੂਰ ਨੂੰ ਵੀ ਪਹਿਲੇ ਗੇੜ ਵਿੱਚ ਮਲੇਸ਼ੀਆ ਦੇ ਚੇਨ ਤਾਂਗ ਜੀ ਅਤੇ ਤੋਹ ਈ ਵੇਈ ਤੋਂ 15-21, 16-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਦਾ ਕੋਈ ਵੀ ਖਿਡਾਰੀ ਦੂਜੇ ਗੇੜ ਵਿੱਚ ਨਹੀਂ ਪਹੁੰਚ ਸਕਿਆ। ਏਸ਼ਿਆਈ ਖੇਡਾਂ ਤੋਂ ਠੀਕ ਪਹਿਲਾਂ ਇਸ ਪ੍ਰਦਰਸ਼ਨ ਨਾਲ ਸਾਤਵਿਕ ਤੇ ਚਿਰਾਗ ਨੂੰ ਕਾਫੀ ਨਿਰਾਸ਼ਾ ਹੋਈ ਹੋਵੇਗੀ, ਜਿਨ੍ਹਾਂ ਨੇ ਸਵਿਸ ਓਪਨ ਸੁਪਰ 300, ਕੋਰੀਆ ਓਪਨ ਤੇ ਇੰਡੋਨੇਸ਼ੀਆ ਓਪਨ ਸੁਪਰ 1000 ਟੂਰਨਾਮੈਂਟਾਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਸੀ। ਵਿਸ਼ਵ ਚੈਂਪੀਅਨਸ਼ਿਪ ’ਚ ਕਾਂਸੇ ਦਾ ਤਗਮਾ ਜੇਤੂ ਐੱਚਐੱਸ ਪ੍ਰਣੌਏ ਵੀ ਐੱਨਜੀ ਜੀ ਯੋਂਗ ਤੋਂ ਪਹਿਲੇ ਗੇੜ ’ਚ ਹੀ ਹਾਰ ਗਿਆ ਸੀ।