ਨਵੀਂ ਦਿੱਲੀ, –
ਭਾਰਤੀ ਦੀ ਮੌਜੂਦਾ ਚੋਣ ਕਮੇਟੀ ’ਤੇ ਦੂਰਅੰਦੇਸ਼ੀ ਨਾ ਹੋਣ ਦੇ ਦੋਸ਼ ਲਗਦੇ ਰਹੇ ਹਨ, ਪਰ ਇਸ ਪੈਨਲ ਦੇ ਪ੍ਰਧਾਨ ਐੱਮਐੱਸਕੇ ਪ੍ਰਸਾਦ ਦਾ ਮੰਨਣਾ ਹੈ ਕਿ ਜੇਕਰ ਅਜਿਹਾ ਹੁੰਦਾ ਤਾਂ ਜਸਪ੍ਰੀਤ ਬੁਮਰਾਹ ਟੈਸਟ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਨਾ ਕਰ ਪਾਉਂਦਾ ਅਤੇ ਨਾ ਹੀ ਹਾਰਦਿਕ ਪਾਂਡਿਆ ਵਰਗਾ ਖਿਡਾਰੀ ਟੀ-20 ਤੋਂ ਉਭਰ ਕੇ ਟੈਸਟ ਕ੍ਰਿਕਟਰ ਬਣਨਾ ਸੀ।
ਪ੍ਰਸਾਦ ਨੇ ਇਸ ਖ਼ਬਰ ਏਜੰਸੀ ਨੂੰ ਦਿੱਤੀ ਇੰਟਰਵਿਊ ਵਿੱਚ ਬੁਮਰਾਹ ਅਤੇ ਪਾਂਡਿਆ ਦੀ ਸਫ਼ਲਤਾ ਬਾਰੇ ਗੱਲ ਕੀਤੀ, ਜਿਸ ਨੂੰ ਪਹਿਲਾਂ ਹੀ ਟੀ-20 ਮਾਹਰ ਮੰਨਿਆ ਜਾਂਦਾ ਸੀ। ਇਸ ਤੋਂ ਇਲਾਵਾ ਉਸ ਦੋ ਸਪਿੰਨਰਾਂ ਨੂੰ ਉਤਾਰਨ ਅਤੇ ਮਹਿੰਦਰ ਸਿੰਘ ਧੋਨੀ ਦੇ ਮੌਜੂਦਾ ਟੀਮ ਵਿੱਚ ਥਾਂ ਬਣਾਉਣ ਬਾਰੇ ਵੀ ਗੱਲ ਕੀਤੀ। ਆਲੋਚਕਾਂ ਦਾ ਮੰਨਣਾ ਹੈ ਕਿ ਚੋਣ ਕਮੇਟੀ ਵਿੱਚ ਦੂਰਅੰਦੇਸ਼ੀ ਦੀ ਘਾਟ ਹੈ, ਪਰ ਪ੍ਰਸਾਦ ਨੇ ਇਸ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ।
ਉਸ ਨੇ ਕਿਹਾ, ‘‘ਜੇਕਰ ਕਮੇਟੀ ਵਿੱਚ ਦੂਰਅੰਦੇਸ਼ੀ ਦੀ ਘਾਟ ਹੁੰਦੀ ਤਾਂ ਫਿਰ ਜਸ ਜਸਪ੍ਰੀਤ ਨੂੰ ਸਿਰਫ਼ ਸੀਮਤ ਓਵਰਾਂ ਦਾ ਕ੍ਰਿਕਟਰ ਮੰਨਿਆ ਜਾਂਦਾ ਸੀ ਉਹ ਕਿਵੇਂ ਟੈਸਟ ਕ੍ਰਿਕਟ ਵਿੱਚ ਆ ਪਾਉਂਦਾ ਅਤੇ ਉਹ ਆਈਸੀਸੀ ਦਰਜਾਬੰਦੀ ਵਿੱਚ ਅੱਵਲ ਨੰਬਰ ਟੈਸਟ ਗੇਂਦਬਾਜ਼ ਬਣਿਆ।’’
ਚੋਣ ਕਮੇਟੀ ਦੇ ਪ੍ਰਧਾਨ ਨੇ ਇਸ ਸਬੰਧ ਵਿੱਚ ਕੁਲਦੀਪ ਯਾਦਵ ਅਤੇ ਯੁਜ਼ਵੇਂਦਰ ਚਾਹਲ ਦੀ ਵੀ ਉਦਾਹਰਣ ਦਿੱਤੀ, ਜਿਸ ਨੂੰ ਰਵੀਚੰਦਰਨ ਅਤੇ ਰਵਿੰਦਰ ਜਡੇਜਾ ਵਰਗੇ ਸਥਾਪਤ ਸਪਿੰਨਰਾਂ ਦੀ ਮੌਜੂਦਗੀ ਦੇ ਬਾਵਜੂਦ ਸਮੀਤ ਓਵਰਾਂ ਦੀ ਟੀਮ ਵਿੱਚ ਰੱਖਿਆ। ਪ੍ਰਸਾਦ ਤੋਂ ਪੁੱਛਿਆ ਗਿਆ ਕਿ ਕੀ ਧੋਨੀ ਨੂੰ ਟੀਮ ਵਿੱਚ ਰੱਖਣ ਲਈ ਮੱਧ ਕ੍ਰਮ ਦੇ ਸੰਤੁਲਨ ਨਾਲ ਸਮਝੌਤਾ ਕੀਤਾ ਗਿਆ, ਉਸ ਨੇ ਕਿਹਾ, ‘‘ਜੇਕਰ ਸ਼ੁਰੂ ਵਿੱਚ ਵਿਕਟਾਂ ਗੁਆਉਣ ਮਗਰੋਂ ਅਸੀਂ ਵਿਸ਼ਵ ਕੱਪ ਸੈਮੀ-ਫਾਈਨਲ (ਨਿਊਜ਼ੀਲੈਂਡ ਖ਼ਿਲਾਫ਼) ਜਿੱਤ ਜਾਂਦੇ ਤਾਂ ਫਿਰ ਜਡੇਜਾ ਅਤੇ ਧੋਨੀ ਦੀਆਂ ਪਾਰੀਆਂ ਨੂੰ ਸਰਵੋਤਮ ਪਾਰੀਆਂ ਮੰਨਿਆ ਜਾਂਦਾ।’’