ਨਵੀਂ ਦਿੱਲੀ, 7 ਦਸੰਬਰ

ਇਥੋਂ ਦੀ ਅਦਾਲਤ ਨੇ ਨਵੰਬਰ 1984 ਵਿੱਚ ਹੋਏ ਸਿੱਖ-ਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਸਾਬਕਾ ਕਾਂਗਰਸੀ ਆਗੂ ਸਾਜਨ ਕੁਮਾਰ ਖ਼ਿਲਾਫ਼ ਹੱਤਿਆ ਅਤੇ ਦੰਗੇ ਭੜਕਾਉਣ ਦੇ ਦੋਸ਼ ਹੇਠ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ। ਵਿਸ਼ੇਸ਼ ਜੱਜ ਐੱਮ. ਕੇ. ਅਗਰਵਾਲ ਨੇ 4 ਦਸੰਬਰ ਨੂੰ ਸੁਣਾਏ ਹੁਕਮਾਂ ਵਿੱਚ ਕਿਹਾ ਕਿ ਆਨ-ਰਿਕਾਰਡ ਮੌਜੂਦ ਤੱਥਾਂ ਤੋਂ ਪਤਾ ਲੱਗਦਾ ਹੈ ਕਿ ਸਾਜਨ ਕੁਮਾਰ ਨਾ ਸਿਰਫ਼ ਦੰਗਾਕਾਰੀਆਂ ਦੀ ਭੀੜ ਵਿੱਚ ਸ਼ਾਮਲ ਸੀ, ਸਗੋਂ ਉਹ ਭੀੜ ਦੀ ਅਗਵਾਈ ਵੀ ਕਰ ਰਿਹਾ ਸੀ। ਅਦਾਲਤ ਵੱਲੋਂ ਸਾਜਨ ਕੁਮਾਰ ਖ਼ਿਲਾਫ਼ 16 ਦਸੰਬਰ ਨੂੰ ਦੋਸ਼ ਆਇਦ ਕੀਤੇ ਜਾ ਸਕਦੇ ਹਨ ਜਦੋਂ ਉਸ ਨੂੰ ਪੁੱਛਿਆ ਜਾਵੇਗਾ ਕਿ ਉਹ ਆਪਣਾ ਗੁਨਾਹ ਮੰਨਦਾ ਹੈ ਜਾਂ ਅਦਾਲਤ ਵਿੱਚ ਕੇਸ ਦੀ ਸੁਣਵਾਈ ਕਰਵਾਉਣਾ ਚਾਹੁੰਦਾ ਹੈ। ਇਹ ਕੇਸ ਜਸਵੰਤ ਸਿੰਘ ਤੇ ਉਸ ਦੇ ਪੁੱਤਰ ਤਰੁਨਦੀਪ ਸਿੰਘ ਦੀ ਹੱਤਿਆ ਨਾਲ ਸਬੰਧਤ ਹੈ ਜੋ ਕਿ ਪੱਛਮੀ ਦਿੱਲੀ ਦੇ ਰਾਜ ਨਗਰ ਦੇ ਵਸਨੀਕ ਸਨ ਤੇ ਸਾਜਨ ਕੁਮਾਰ ਦੀ ਕਥਿਤ ਅਗਵਾਈ ਵਾਲੀ ਭੀੜ ਨੇ ਪਹਿਲੀ ਨਵੰਬਰ 1984 ਨੂੰ ਇਨ੍ਹਾਂ ਦੋਹਾਂ ਦੀ ਹੱਤਿਆ ਕਰ ਦਿੱਤੀ ਸੀ। ਇਸ ਸਬੰਧ ਵਿੱਚ ਵਰ੍ਹਾ 1985 ਵਿੱਚ ਪਰਚਾ ਦਰਜ ਕੀਤਾ ਗਿਆ ਸੀ।