ਨਵੀਂ ਦਿੱਲੀ, 6 ਜੂਨ
ਰੇਲਵੇ ਦੀ ਨੌਕਰੀ ਮੁੜ ਜੁਆਇਨ ਕਰਨ ਵਾਲੇ ਓਲੰਪਿਕ ਤਗ਼ਮਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਤੇ ਬਜਰੰਗ ਪੂਨੀਆ ਅਤੇ ਵਿਸ਼ਵ ਚੈਂਪੀਅਨਸ਼ਿਪ ’ਚ ਕਾਂਸੇ ਦਾ ਤਗ਼ਮਾ ਜੇਤੂ ਵਿਨੇਸ਼ ਫੋਗਾਟ ਨੇ ਅੱਜ ਕਿਹਾ ਕਿ ਇਨਸਾਫ਼ ਮਿਲਣ ਤੱਕ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ। ਵਿਨੇਸ਼ ਤੇ ਪੂਨੀਆ ਨੇ ਕਿਹਾ ਕਿ ਕੋਈ ਉਨ੍ਹਾਂ ਨੂੰ ਨੌਕਰੀ ਖੋਹਣ ਦਾ ਡਰ ਨਾ ਵਿਖਾਏ, ਕਿਉਂਕਿ ਜੇ ਨੌਕਰੀ ਇਨਸਾਫ਼ ਦੇ ਰਾਹ ’ਚ ਅੜਿੱਕਾ ਬਣਦੀ ਹੈ ਤਾਂ ਉਹ ਇਸ ਨੂੰ ਛੱਡਣ ਲਈ ਨਹੀਂ ਝਿਜਕਣਗੇ। ਦੋਵਾਂ ਪਹਿਲਵਾਨਾਂ ਨੇ ਟਵੀਟ ਕੀਤਾ ਕੀਤਾ ਕਿ ਉਨ੍ਹਾਂ ਦੇ ਤਗ਼ਮਿਆਂ ਨੂੰ 15-15 ਰੁਪਏ ਦੇ ਦੱਸਣ ਵਾਲੇ ਹੁਣ ਉਨ੍ਹਾਂ ਦੀਆਂ ਨੌਕਰੀਆਂ ਮਗਰ ਪੈ ਗਏ ਹਨ। ਪਹਿਲਵਾਨਾਂ ਨੇ ਸਾਫ ਕਰ ਦਿੱਤਾ ਕਿ ਉਨ੍ਹਾਂ ਦੀਆਂ ਜ਼ਿੰਦਗੀਆਂ ਦਾਅ ’ਤੇ ਲੱਗੀਆਂ ਹਨ ਤੇ ਉਸ ਅੱਗੇ ਨੌਕਰੀ ਤਾਂ ਬਹੁਤ ਛੋਟੀ ਚੀਜ਼ ਹੈ।

ਪਹਿਲਵਾਨਾਂ ਨੇ ਜ਼ੋਰ ਦੇ ਕੇ ਆਖਿਆ ਕਿ ਸੰਘਰਸ਼ ਵਿੱਚ ਸ਼ਾਮਲ ਕੋਈ ਵੀ ਪਹਿਲਵਾਨ ਇਸ ਲੜਾਈ ਤੋਂ ਪਿੱਛੇ ਨਹੀਂ ਹਟਿਆ। ਉਨ੍ਹ੍ਵਾਂ ਸੰਘਰਸ਼ ਵਾਪਸ ਲੈਣ ਦੀਆਂ ਰਿਪੋਰਟਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਇਹ ਅੰਦੋਲਨ ਨੂੰ ‘ਸਾਬੋਤਾਜ’ ਕਰਨ ਦੀਆਂ ਕੋਸ਼ਿਸ਼ਾਂ ਹਨ। ਪੂਨੀਆ ਨੇ ਕਿਹਾ ਕਿ ਸਾਡੇ ਵੱੱਲੋਂ ਅੰਦੋਲਨ ਵਾਪਸ ਲਏ ਜਾਣ ਦੀਆਂ ਖ਼ਬਰਾਂ ‘ਅਫ਼ਵਾਹਾਂ’ ਹਨ ਅਤੇ ਇਕ ਮਹਿਲਾ ਪਹਿਲਵਾਨ ਵੱਲੋਂ ਐੱਫਆਈਆਰ ਵਾਪਸ ਲਏ ਜਾਣ ਦੀ ਖ਼ਬਰ ਵੀ ‘ਝੂਠੀ’ ਹੈ। ਸਾਕਸ਼ੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਲੰਘੀ ਰਾਤ ਹੋਈ ਗੱਲਬਾਤ ਨੂੰ ਸਧਾਰਣ ਗੱਲਬਾਤ ਦੱਸਦਿਆਂ ਕਿਹਾ ਕਿ ਮੁਲਜ਼ਮ(ਬ੍ਰਿਜ ਭੂਸ਼ਣ) ਦੀ ਗ੍ਰਿਫਤਾਰੀ ਨੂੰ ਲੈ ਕੇ ਪਹਿਲਵਾਨ ਆਪਣੇ ਸਟੈਂਡ ’ਤੇ ਕਾਇਮ ਹਨ। ਸਾਕਸ਼ੀ ਨੇ ਕਿਹਾ ਕਿ ਵਿਨੇਸ਼, ਬਜਰੰਗ ਤੇ ਉਹ ਇਸ ਲੜਾਈ ਵਿੱਚ ਇਕੱਠੇ ਹਨ ਤੇ ਇਨਸਾਫ਼ ਮਿਲਣ ਤੱਕ ਇਕਜੁੱਟ ਰਹਿਣਗੇ। ਦੱਸ ਦੇਈਏ ਕਿ ਬਜਰੰਗ, ਸਾਕਸ਼ੀ ਤੇ ਵਿਸ਼ਵ ਚੈਂਪੀਅਨਸ਼ਿਪ ਤਗ਼ਮਾ ਜੇਤੂ ਵਿਨੇਸ਼ ਫੋਗਾਟ ਸਣੇ ਕੁਝ ਹੋਰ ਪਹਿਲਵਾਨ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਲੜਾਈ ਲੜ ਰਹੇ ਹਨ। ਸੱਤ ਮਹਿਲਾ ਪਹਿਲਵਾਨਾਂ, ਜਿਨ੍ਹਾਂ ਵਿੱਚੋਂ ਇਕ ਨਾਬਾਲਗ ਹੈ, ਨੇ ਬ੍ਰਿਜ ਭੂਸ਼ਣ ’ਤੇ ਕਥਿਤ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਸਨ ਹਾਲਾਂਕਿ ਉਸਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

ਉਧਰ ਸਾਕਸ਼ੀ ਮਲਿਕ ਨੇ ਟਵੀਟ ਕੀਤਾ, ‘‘ਅੰਦੋਲਨ ਵਾਪਸ ਲੈਣ ਦੀ ਖ਼ਬਰ ਪੂਰੀ ਤਰ੍ਹਾਂ ਗ਼ਲਤ ਹੈ। ਇਨਸਾਫ਼ ਦੀ ਇਸ ਲੜਾਈ ਵਿੱਚ ਸਾਡੇ ’ਚੋਂ ਕਿਸੇ ਨੇ ਵੀ ਪੈਰ ਪਿਛਾਂਹ ਨਹੀਂ ਖਿੱਚਿਆ ਤੇ ਨਾ ਹੀ ਅਸੀਂ ਪਿੱਛੇ ਹਟਾਂਗੇ। ਸੱਤਿਆਗ੍ਰਹਿ ਦੇ ਨਾਲ ਮੈਂ ਰੇਲਵੇ ਵਿੱਚ ਆਪਣੀ ਜ਼ਿੰਮੇਵਾਰੀਆਂ ਵੀ ਨਿਭਾ ਰਹੀ ਹਾਂ। ਇਨਸਾਫ਼ ਮਿਲਣ ਤੱਕ ਸਾਡੀ ਲੜਾਈ ਜਾਰੀ ਰਹੇਗੀ। ਕ੍ਰਿਪਾ ਕਰਕੇ ਕਿਸੇ ਤਰ੍ਹਾਂ ਦੀਆਂ ਗ਼ਲਤ ਖ਼ਬਰਾਂ ਨਾ ਫੈਲਾਓ।’’ ਇਸ ਤੋਂ ਪਹਿਲਾਂ ਪੂਨੀਆ ਨੇ ਅੱਜ ਦਿਨੇਂ ਰਿਪੋਰਟਾਂ ਦੇ ਹਵਾਲੇ ਨਾਲ ਕਿਹਾ, ‘‘ਇਹ ਖ਼ਬਰਾਂ ਸਾਨੂੰ ਨੁਕਸਾਨ ਪਹੁੰਚਾਉਣ ਲਈ ਫੈਲਾਈਆਂ ਗਈਆਂ ਹਨ। ਅਸੀਂ ਨਾ ਪਿੱਛੇ ਹਟੇ ਹਾਂ ਤੇ ਨਾ ਅਸੀਂ ਅੰਦੋਲਨ ਵਾਪਸ ਲਿਆ ਹੈ। ਮਹਿਲਾ ਪਹਿਲਵਾਨਾਂ ਵੱਲੋਂ ਐੱਫਆਈਆਰ ਵਾਪਸ ਲੈਣ ਦੀਆਂ ਖ਼ਬਰਾਂ ਵੀ ਫ਼ਰਜ਼ੀ ਹਨ। ਇਨਸਾਫ਼ ਮਿਲਣ ਤੱਕ ਲੜਾਈ ਜਾਰੀ ਰਹੇਗੀ।’’ ਪਹਿਲਵਾਨਾਂ ਨੇੇ ਇਹ ਪ੍ਰਤੀਕਿਰਿਆ ਅਜਿਹੀਆਂ ਰਿਪੋਰਟਾਂ ਦਰਮਿਆਨ ਦਿੱਤੀ ਹੈ ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਦੋਵਾਂ ਪਹਿਲਵਾਨਾਂ (ਮਲਿਕ ਤੇ ਪੂਨੀਆ) ਨੇ ਅੰਦੋਲਨ ਤੋਂ ਪੈਰ ਪਿਛਾਂਹ ਖਿੱਚ ਲਏ ਹਨ ਤੇ ਦੋ ਢਾਈ ਮਹੀਨੇ ਪੁਰਾਣੇ ਇਸ ਸੰਘਰਸ਼ ਲਈ ਇਹ ਵੱਡਾ ਝਟਕਾ ਹੈ।

ਰੇਲਵੇਜ਼ ਦੀ ਡਿਊਟੀ ਮੁੜ ਜੁਆਇਨ ਕਰਕੇ ਅੰਦੋਲਨ ਤੋਂ ਪਿੱਛੇ ਹਟਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਸਾਕਸ਼ੀ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਮੈਂ ਸਾਫ਼ ਕਰ ਦੇਣਾ ਚਾਹੁੰਦੀ ਹਾਂ ਕਿ ਅਸੀਂ ਆਪਣੀ ਇਸ ਲੜਾਈ ਨੂੰ ਅੱਗੇ ਲਿਜਾਣ ਲਈ ਰਣਨੀਤੀ ਘੜ ਰਹੇ ਹਾਂ। ਅਸੀਂ ਯਕੀਨੀ ਬਣਾਵਾਂਗੇ ਕਿ ਕੋਈ ਹਿੰਸਾ ਨਾ ਹੋਵੇ, ਅਸੀਂ ਇਸ ਸੰਘਰਸ਼ ਨੂੰ ਅੱਗੇ ਕਿਵੇਂ ਲਿਜਾ ਸਕਦੇ ਹਾਂ, ਇਸ ’ਤੇ ਕੰਮ ਕਰ ਰਹੇ ਹਾਂ।’’ ਮਹਿਲਾ ਪਹਿਲਵਾਨ ਨੇ ਕਿਹਾ, ‘‘ਮੈਂ ਪਹਿਲਾਂ ਓਐੱਸਡੀ (ਆਫੀਸਰ ਆਨ ਵਿਸ਼ੇਸ਼ ਡਿਊਟੀ) ਹਾਂ ਤੇ ਮੇੇਰੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹਨ, ਲਿਹਾਜ਼ਾ ਜਿੰਨਾ ਚਿਰ ਅਸੀਂ ਆਪਣੀ ਰਣਨੀਤੀ ਬਣਾ ਰਹੇ ਹਾਂ ਤੇ ਧਰਨੇ ਉੱਤੇ ਨਹੀਂ ਬੈਠੇ, ਓਨੀ ਦੇਰ ਮੈਂ ਆਪਣੀ ਸਰਕਾਰੀ ਡਿਊਟੀ ਦਾ ਧਿਆਨ ਰੱਖਾਂਗੀ।’’ ਨਾਬਾਲਗ ਮਹਿਲਾ ਸ਼ਿਕਾਇਤਕਰਤਾ ਵੱਲੋਂ ਐੱਫਆਈਆਰ ਵਾਪਸ ਲੈਣ ਦੀਆਂ ਰਿਪੋਰਟਾਂ ਬਾਰੇ ਪੁੱਛਣ ’ਤੇ ਸਾਕਸ਼ੀ ਨੇ ਕਿਹਾ, ‘‘ਸਾਡੇ ਸੱਤਿਆਗ੍ਰਹਿ ਨੂੰ ਕਮਜ਼ੋਰ ਕਰਨ ਲਈ ਇਹ ਸਭ ਝੂਠੀਆਂ ਖ਼ਬਰਾਂ ਹਨ। ਅਸੀਂ ਆਪਣੀ ਲੜਾਈ ਤੋਂ ਪਿੱਛੇ ਨਹੀਂ ਹਟੇ ਤੇ ਨਾ ਹੀ ਅਸੀਂ ਅਜਿਹਾ ਕਰਾਂਗੇ। ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ, ਸਾਡੀ ਲੜਾਈ ਜਾਰੀ ਰਹੇਗੀ।’’ ਉਧਰ ਵਿਨੇਸ਼ ਫੋਗਾਟ ਨੇ ਟਵੀਟ ਕੀਤਾ, ‘‘ਕੀ ਫ਼ਰਜ਼ੀ ਖ਼ਬਰਾਂ ਫੈਲਾਉਣ ਵਾਲਿਆਂ ਨੂੰ ਅਹਿਸਾਸ ਹੈ ਕਿ ਮਹਿਲਾ ਪਹਿਲਵਾਨਾਂ ਕਿਸ ਮਾਨਸਿਕ ਸਦਮੇ ’ਚੋਂ ਲੰਘ ਰਹੀਆਂ ਹਨ? ਗੁੰਡੇ ਸ਼ਿਕਾਰੀਆਂ ਦੇ ਹੰਟਰਾਂ ਮੂਹਰੇ ਕਮਜ਼ੋਰ ਮੀਡੀਆ ਦੀਆਂ ਲੱਤਾਂ ਕੰਬਦੀਆਂ ਹੋਣਗੀਆਂ, ਮਹਿਲਾ ਪਹਿਲਵਾਨ ਦੀਆਂ ਨਹੀਂ।’’ ਫੋਗਾਟ ਨੇ ਆਬਿਦ ਅਦੀਬ ਦੀਆਂ ਇਨ੍ਹਾਂ ਸਤਰਾਂ ਨਾਲ ਆਪਣੀ ਗੱਲ ਪੂਰੀ ਕਰਦਿਆਂ ਕਿਹਾ, ‘‘ਜਹਾਂ ਪਹੁੰਚ ਕੇ ਕਦਮ ਡਗਮਗਾਏ ਹੈਂ ਸਬ ਕੇ…ਉਸੀ ਮੁਕਾਮ ਸੇ ਅਬ ਅਪਨਾ ਰਾਸਤਾ ਹੋਗਾ।’’