ਨਵੀਂ ਦਿੱਲੀ, 14 ਜਨਵਰੀ
ਓਲੰਪਿਕ ਕਾਂਸੀ ਤਗ਼ਮਾ ਜੇਤੂ ਸਾਕਸ਼ੀ ਮਲਿਕ ਤੇ ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਰਾਹੁਲ ਅਵਾਰੇ 17 ਤੋਂ 23 ਫਰਵਰੀ ਤੱਕ ਇੱਥੇ ਹੋਣ ਵਾਲੀ ਸੀਨੀਅਰ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ’ਚ ਭਾਰਤ ਦੀ 12 ਮੈਂਬਰੀ ਟੀਮ ਦੀ ਗੈਰ ਓਲੰਪਿਕ ਭਾਰ ਵਰਗ ’ਚ ਨੁਮਾਇੰਦਗੀ ਕਰਨਗੇ। ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਇਕ ਬਿਆਨ ਮੁਤਾਬਕ ਗੈਰ ਓਲੰਪਿਕ ਵਰਗ ਦੇ ਚੋਣ ਟਰਾਇਲ ਐਤਵਾਰ ਤੇ ਸੋਮਵਾਰ ਨੂੰ ਲਖਨਊ ਤੇ ਸੋਨੀਪਤ ’ਚ ਹੋਏ। ਰਾਹੁਲ 61 ਕਿੱਲੋ ਫ੍ਰੀ ਸਟਾਈਲ ਵਿੱਚ ਉਤਰੇਗਾ। ਨਵੀਨ (70 ਕਿੱਲੋ), ਗੌਰਵ ਬਾਲਿਆਨ (79 ਕਿੱਲੋ) ਅਤੇ ਸੋਮਵੀਰ (92 ਕਿੱਲੋ) ਵੀ ਇਸ ਵਿੱਚ ਭਾਗ ਲੈਣਗੇ। ਰੀਓ ਓਲੰਪਿਕ ਕਾਂਸੀ ਤਗ਼ਮਾ ਜੇਤੂ ਸਾਕਸ਼ੀ ਮਲਿਕ ਮਹਿਲਾਵਾਂ ਦੇ 65 ਕਿੱਲੋ ਵਰਗ ’ਚ ਉਤਰੇਗੀ। ਇਸ ਵਿੱਚ ਪਿੰਕੀ (55 ਕਿੱਲੋ), ਸਰਿਤਾ (59 ਕਿੱਲੋ) ਤੇ ਗੁਰਸ਼ਰਨਪ੍ਰੀਤ ਕੌਰ (72 ਕਿੱਲੋ) ਭਾਗ ਲੈ ਰਹੀਆਂ ਹਨ।
ਗ੍ਰੀਕੋ ਰੋਮਨ ਵਿੱਚ ਅਰਜੁਨ (55 ਕਿੱਲੋ), ਸਚਿਨ ਰਾਣਾ (63 ਕਿੱਲੋ), ਆਦਿੱਤਿਆ ਕੁੰਡੂ (72 ਕਿੱਲੋ) ਤੇ ਹਰਪ੍ਰੀਤ ਸਿੰਘ (82 ਕਿੱਲੋ) ਭਾਗ ਲੈਣਗੇ।